ਸ਼ਰਾਬ ''ਚ ਟੱਲੀ ਲੋਕਾਂ ਦੀ ਗੁੰਡਾਗਰਦੀ, ਪਤਨੀ ਨੇ ਬੇਟੇ ਨੂੰ ਕੁੱਟਣ ਮਗਰੋਂ ਨੌਜਵਾਨ ਨਾਲ ਕੀਤਾ ਕਾਂਡ

10/21/2020 10:26:29 AM

ਲੁਧਿਆਣਾ (ਰਾਜ) : ਡਾਬਾ ਦੇ ਇਲਾਕੇ 'ਚ ਰਹਿਣ ਵਾਲੇ ਇਕ ਵਿਅਕਤੀ ਨੂੰ ਘਰ ਦੇ ਬਾਹਰ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਨੂੰ ਮਨ੍ਹਾ ਕਰਨਾ ਮਹਿੰਗਾ ਪੈ ਗਿਆ। ਨੌਜਵਾਨਾਂ ਨੇ ਪਹਿਲਾਂ ਉਸ ਵਿਅਕਤੀ ਦੇ ਘਰ ਇੱਟਾਂ-ਪੱਥਰ ਮਾਰੇ, ਫਿਰ ਘਰ 'ਚ ਵੜ ਕੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਕਰ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁਪਤ ਅੰਗ ਕੱਟ ਦਿੱਤਾ। ਪੁਲਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਉਸ ਨੂੰ ਇਨਸਾਫ ਤਾਂ ਕੀ ਮਿਲਣਾ ਸੀ, ਉਲਟਾ ਪੁਲਸ ਮੁਲਾਜ਼ਮ ਪੀੜਤ ਨੂੰ ਘਰ ਆ ਕੇ ਧਮਕਾ ਕੇ ਦੁਬਾਰਾ ਗਲਤੀ ਨਾ ਕਰਨ ਦਾ ਕਹਿ ਕੇ ਚਲੀ ਗਈ।

ਇਸ ਘਟਨਾ ਨੂੰ ਇਕ ਹਫ਼ਤਾ ਬੀਤ ਗਿਆ ਪਰ ਪੀੜਤ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ। ਮੁਲਜ਼ਮ ਉਲਟਾ ਉਸ ਨੂੰ ਰੋਜ਼ ਧਮਕਾਉਂਦੇ ਹਨ। ਡਾਬਾ ਲੋਹਾਰਾ ਰੋਡ ਸਥਿਤ ਸੁੰਦਰ ਨਗਰ ਦੇ ਰਹਿਣ ਵਾਲੇ ਆਤਮਜੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। 11 ਅਕਤੂਬਰ ਦੀ ਰਾਤ ਨੂੰ ਉਹ ਘਰ ਸੀ। ਉਸ ਦੇ ਗੁਆਂਢ 'ਚ ਇਕ ਨੌਜਵਾਨ ਰਹਿੰਦਾ ਹੈ, ਜੋ ਕਿ ਨਗਰ ਨਿਗਮ 'ਚ ਨੌਕਰੀ ਕਰਦਾ ਹੈ। ਉਸ ਕੋਲ ਬਦਮਾਸ਼ ਨੌਜਵਾਨ ਆਉਂਦੇ-ਜਾਂਦੇ ਰਹਿੰਦੇ ਹਨ। ਉਸ ਰਾਤ ਨੂੰ ਵੀ ਗੁਆਂਢ 'ਚ ਨੌਜਵਾਨ ਆਏ ਹੋਏ ਸੀ, ਜੋ ਕਿ ਉਸ ਦੇ ਘਰ ਦੇ ਬਾਹਰ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰ ਰਹੇ ਸੀ। ਜਦ ਉਸ ਨੇ ਜਾ ਕੇ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਉਸ ਦੇ ਘਰ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਬਾਅਦ ਮੁਲਜ਼ਮ ਗੇਟ ਤੋਂ ਅੰਦਰ ਆ ਗਏ, ਜਿਨ੍ਹਾਂ ਨੇ ਅੰਦਰ ਆ ਕੇ ਪਹਿਲਾਂ ਉਸ ਦੀ ਪਤਨੀ ਅਤੇ ਬੇਟੇ ਨਾਲ ਕੁੱਟਮਾਰ ਕਰ ਕੇ ਘਰ 'ਚ ਪਏ ਸਮਾਨ ਦੀ ਤੋੜ-ਭੰਨ ਕੀਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁਪਤ ਅੰਗ ਵੱਢ ਦਿੱਤਾ। ਆਤਮਜੀਤ ਦਾ ਦੋਸ਼ ਹੈ ਕਿ ਸਾਰੇ ਮੁਲਜ਼ਮ ਸ਼ਰਾਬ ਦੇ ਨਸ਼ੇ 'ਚ ਟੱਲੀ ਸਨ, ਜੋ ਕਿ ਉਸ ਦੀ ਪਤਨੀ 'ਤੇ ਵੀ ਬੁਰੀ ਨਜ਼ਰ ਰੱਖਦੇ ਹਨ। ਇਸ ਸਬੰਧ 'ਚ ਉਨ੍ਹਾਂ ਨੇ ਉਸੇ ਰਾਤ ਥਾਣਾ ਡਾਬਾ ਜਾ ਕੇ ਸ਼ਿਕਾਇਤ ਦਿੱਤੀ।

ਆਤਮਜੀਤ ਦਾ ਦੋਸ਼ ਹੈ ਕਿ ਘਟਨਾ ਵਾਲੇ ਦਿਨ ਉਸ ਦੇ ਘਰ ਥਾਣਾ ਡਾਬਾ ਤੋਂ ਦੋ ਪੁਲਸ ਮੁਲਾਜ਼ਮ ਆਏ ਸੀ। ਜਿਨ੍ਹਾਂ ਨੇ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੇ ਹੁੱਲੜਬਾਜ਼ੀ ਕੀਤੀ ਤਾਂ ਉਸ ’ਤੇ ਕਾਰਵਾਈ ਹੋ ਜਾਵੇਗੀ। ਆਤਮਜੀਤ ਦਾ ਦੋਸ਼ ਹੈ ਕਿ ਪੁਲਸ ਨੇ ਮੁਲਜ਼ਮਾਂ ਨੂੰ ਕੁਝ ਵੀ ਨਹੀਂ ਕਿਹਾ, ਮੁਲਜ਼ਮ ਅੱਜ ਵੀ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਧਰ ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਹ ਥਾਣੇ ਤੋਂ ਮਾਮਲੇ ਦਾ ਪਤਾ ਕਰ ਕੇ ਮੁਲਜ਼ਮਾਂ ’ਤੇ ਕਾਰਵਾਈ ਕਰਵਾਉਣਗੇ।
 

Babita

This news is Content Editor Babita