ਕੈਪਟਨ ਦੀ ਜੁੰਡਲੀ ਨੇ ਸਿੱਧੂ ਨੂੰ ਦਿੱਤੀ ਇਮਾਨਦਾਰੀ ਦੀ ਸਜ਼ਾ : ਬੈਂਸ (ਵੀਡੀਓ)

07/21/2019 1:46:11 PM

ਲੁਧਿਆਣਾ (ਨਰਿੰਦਰ) - ਨਵਜੋਤ ਸਿੰਘ ਸਿੱਧੂ ਇਮਾਨਦਾਰ, ਸੱਚ ਬੋਲਣ ਵਾਲਾ ਇਨਸਾਨ ਹੈ, ਜਿਸ ਨੂੰ ਉਸ ਦੀ ਇਸ ਇਮਾਨਦਾਰੀ ਦੀ ਸਜ਼ਾ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਨੇ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਕੀਤਾ ਗਿਆ ਹੈ। ਬੈਂਸ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕਿਹਾ ਕਿ ਸਿੱਧੂ ਨੂੰ ਸਿਆਣਪ ਤੋਂ ਕੰਮ ਲੈ ਕੇ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ। ਦੱਸ ਦੇਈਏ ਕਿ ਸਿਮਰਜੀਤ ਸਿੰਘ ਬੈਂਸ 'ਸਾਡਾ ਪਾਣੀ ਸਾਡਾ ਹੱਕ' ਦੇ ਤਹਿਤ ਅੱਜ ਲੁਧਿਆਣਾ ਦੇ ਹਲਕਾ ਗਿੱਲ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਹੋਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਢਾਈ ਸਾਲ ਸਮਾਂ ਬੀਤਣ ਤੋਂ ਬਾਅਦ 2 ਵਜ਼ੀਰ ਅਸਤੀਫਾ ਦੇ ਗਏ ਹਨ। ਕਾਂਗਰਸ ਪਾਰਟੀ 'ਚ ਈਮਾਨਦਾਰੀ ਨਾਲ ਕੋਈ ਮੰਤਰੀ ਵੀ ਕੰਮ ਨਹੀਂ ਕਰ ਸਕਦਾ ਹੈ। ਨਵਜੋਤ ਸਿੱਧੂ ਬਹੁਤ ਸੂਝਵਾਨ ਹਨ। ਉਨ੍ਹਾਂ ਦੇ ਅਸਤੀਫਾ ਦੇਣ ਮਗਰੋਂ ਕਿਸੇ ਵੀ ਕਾਂਗਰਸ ਪਾਰਟੀ ਦੇ ਵਜ਼ੀਰ ਜਾਂ ਅਹੁਦੇਦਾਰ ਨੇ ਕੋਈ ਨਾਰਾਜ਼ਗੀ ਜ਼ਾਹਿਰ ਨਹੀਂ ਕੀਤੀ, ਨਾ ਹੀ ਸਿੱਧੂ ਦੇ ਹੱਕ 'ਚ ਕੋਈ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਅਸਤੀਫਾ ਦੇਣ ਤੋਂ ਇਕ ਮਹੀਨਾ ਬੀਤਣ ਤੋਂ ਬਾਅਦ ਵੀ ਕਿਸੇ ਮੰਤਰੀ ਨੇ ਰਾਹੁਲ ਗਾਂਧੀ ਦੀ ਗੱਲ ਨਹੀਂ ਸੁਣੀ, ਸਗੋਂ ਕਾਂਗਰਸੀਆਂ ਨੇ ਬਾਲਟੀ ਅੱਗੇ ਕਰ ਕੇ ਤੇਲ ਪੁਆਉਣ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸਤੀਫਾ ਰਾਣਾ ਗੁਰਜੀਤ ਵਲੋਂ ਦਿੱਤਾ ਗਿਆ। ਜੋ ਰੇਤ, ਬੱਜਰੀ ਦੀ ਮਾਈਨਿੰਗ ਕਰਦਾ ਫੜਿਆ ਗਿਆ। ਦੂਜਾ ਅਸਤੀਫਾ ਸਿੱਧੂ ਵਲੋਂ ਕਾਂਗਰਸ ਪਾਰਟੀ ਦੀ ਲੁੱਟ ਨੂੰ ਰੋਕਣ ਵਜੋਂ ਦਿੱਤਾ ਗਿਆ ਹੈ। ਸਿੱਧੂ ਕਿੰਨਾ ਕੁ ਜ਼ਲੀਲ ਹੋਵੇਗਾ। ਕਾਂਗਰਸ ਅੰਦਰ ਈਮਾਨਦਾਰ ਸੱਚ ਬੋਲਣ ਵਾਲਿਆਂ ਦੀ ਕੋਈ ਲੋੜ ਨਹੀਂ ਹੈ। ਸਿੱਧੂ ਸੂਝਵਾਨ ਪੜ੍ਹੇ-ਲਿਖੇ ਇਨਸਾਨ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ।ਬੈਂਸ ਨੇ ਬਾਦਲਾਂ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਤਿਨਾਂ ਨੇ ਇਕੱਠੇ ਹੋ ਕੇ ਪੰਜਾਬ 'ਚ ਅਜਿਹਾ ਮਾਹੌਲ ਬਣਾਇਆ ਹੋਇਆ ਹੈ ਕਿ ਜੇਕਰ ਉਨ੍ਹਾਂ ਦੀ ਕੁਰਸੀ ਨੂੰ ਕੋਈ ਨੁਕਸਾਨ ਹੈ ਤਾਂ ਉਹ ਉਸ ਨੂੰ ਦੂਰ ਕਰ ਸਕਣ।

rajwinder kaur

This news is Content Editor rajwinder kaur