ਲੁਧਿਆਣਾ ਸੀਟ ਤੇ ਚਹੁੰਤਰਫਾ ਮੁਕਾਬਲੇ ਦੀ ਸੰਭਾਵਨਾ

02/25/2019 10:11:35 AM

ਲੁਧਿਆਣਾ - ਦੇਸ਼ ਦੇ ਮਾਨਚੈਸਟਰ ਅਤੇ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਦੇ ਵੋਟਰਾਂ ਦਾ ਮਿਜ਼ਾਜ ਲਗਾਤਾਰ ਬਦਲਦਾ ਰਹਿੰਦਾ ਹੈ, ਇਹੋ ਕਾਰਨ ਹੈ ਕਿ ਆਜ਼ਾਦੀ ਦੇ ਪਿੱਛੋਂ ਹੁਣ ਤੱਕ ਇਸ ਸੀਟ 'ਤੇ ਕੋਈ ਪਾਰਟੀ ਜਿੱਤ ਦੀ ਹੈਟ੍ਰਿਕ ਨਹੀਂ ਲਾ ਸਕੀ ਹੈ। ਕਾਂਗਰਸ 2009 ਅਤੇ 2014 'ਚ ਦੋ ਵਾਰ ਲਗਾਤਾਰ ਇਸ ਸੀਟ 'ਤੇ ਜਿੱਤ ਚੁੱਕੀ ਹੈ। ਇਸ ਲਈ ਉਸ ਦੇ ਸਾਹਮਣੇ ਦੇਸ਼ ਦੇ 72 ਸਾਲ ਪੁਰਾਣੇ ਚੋਣ ਇਤਿਹਾਸ ਨੂੰ ਬਦਲਣ ਦਾ ਮੌਕਾ ਹੈ ਪਰ ਲੁਧਿਆਣਾ ਸੀਟ ਦਾ ਨਤੀਜਾ ਕਾਫੀ ਹੱਦ ਤੱਕ ਪਿਛਲੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਖੇਮੇ 'ਚ ਗਏ ਵੋਟਰਾਂ ਦੇ ਰੁਝਾਨ 'ਤੇ ਨਿਰਭਰ ਕਰੇਗਾ। ਪਿਛਲੀ ਵਾਰੀ ਆਮ ਆਦਮੀ ਪਾਰਟੀ ਨੇ ਐੱਚ. ਐੱਸ. ਫੂਲਕਾ ਨੂੰ ਇਸ ਸੀਟ 'ਤੇ ਚੋਣ ਮੈਦਾਨ 'ਚ ਉਤਾਰਿਆ ਸੀ ਅਤੇ ਉਹ ਦੂਜੇ ਨੰਬਰ 'ਤੇ ਰਹੇ ਸਨ ਪਰ ਹੁਣ ਨਾ ਤਾਂ ਪੰਜਾਬ 'ਚ ਆਪ ਦੀ 2014 ਵਰਗੀ ਹਾਲਤ ਹੈ ਅਤੇ ਨਾ ਹੀ ਪਾਰਟੀ ਦੇ ਕੋਲ ਫੂਲਕਾ ਜਾਂ ਵੱਡਾ ਚਿਹਰਾ ਹੈ। ਇਸ ਸੀਟ 'ਤੇ ਸਿੱਧਾ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਵਿਚਕਾਰ ਹੁੰਦਾ ਰਿਹਾ ਹੈ ਪਰ ਸਿਮਰਜੀਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਵਲੋਂ ਪੂਰੇ ਦਮਖਮ ਨਾਲ ਮੈਦਾਨ 'ਚ ਉਤਰਨ ਦੀ ਹਾਲਤ 'ਚ ਸੀਟ 'ਤੇ ਟੱਕਰ ਹੋਣੀ ਤੈਅ ਹੈ।

ਹਾਜ਼ਰੀ - 88 ਫੀਸਦੀ
ਸਵਾਲ ਪੁੱਛੇ - 484
ਬਹਿਸ 'ਚ ਹਿੱਸਾ - 53 
ਪ੍ਰਾਈਵੇਟ ਮੈਂਬਰ ਬਿੱਲ - 4

ਕਿਸੇ ਦੀ ਵੀ ਖੇਡ ਵਿਗਾੜ ਸਕਦੇ ਹਨ ਬੈਂਸ
ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵੀ ਇਕ ਵਾਰ ਫਿਰ ਇਸ ਸੀਟ 'ਤੇ ਜ਼ੋਰ ਅਜ਼ਮਾਈ ਕਰਨ ਦੀ ਤਿਆਰੀ ਕਰ ਰਹੇ ਹਨ। ਪਿਛਲੀ ਵਾਰੀ ਬੈਂਸ ਇਸ ਸੀਟ 'ਤੇ 210917 (19 ਫੀਸਦੀ) ਵੋਟ ਲੈ ਕੇ ਚੌਥੇ ਸਥਾਨ 'ਤੇ ਰਹੇ ਸਨ ਪਰ ਇਸ ਵਾਰੀ ਉਨ੍ਹਾਂ ਨੂੰ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਨਾਲ-ਨਾਲ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਟਕਸਾਲੀ ਅਤੇ ਬਹੁਜਨ ਸਮਾਜ ਪਾਰਟੀ ਦਾ ਵੀ ਸਮਰਥਨ ਹਾਸਲ ਹੈ। ਇਸ ਲਈ ਉਹ ਅਕਾਲੀ ਦਲ ਅਤੇ ਕਾਂਗਰਸ ਦੋਵਾਂ 'ਚੋਂ ਕਿਸੇ ਦੀ ਵੀ ਖੇਡ ਵਿਗਾੜਨ ਦੀ ਤਾਕਤ 'ਚ ਆ ਗਏ ਹਨ। ਜੇਕਰ ਆਮ ਆਦਮੀ ਪਾਰਟੀ ਅਤੇ ਸਿਮਰਜੀਤ ਸਿੰਘ ਬੈਂਸ ਜ਼ਿਆਦਾ ਗਿਣਤੀ 'ਚ ਵੋਟਾਂ ਹਾਸਲ ਕਰਨ 'ਚ ਸਫਲ ਰਹੇ ਤਾਂ ਵੋਟਾਂ ਦੀ ਵੰਡ 'ਚ ਇਸ ਸੀਟ ਦਾ ਨਤੀਜਾ ਕਿਸੇ ਦੇ ਵੀ ਹੱਕ 'ਚ ਜਾ ਸਕਦਾ ਹੈ। ਕੁਲ ਮਿਲਾ ਕੇ ਸੀਟ 'ਤੇ ਟੱਕਰ ਦੀ ਸਥਿਤੀ ਬਣ ਰਹੀ ਹੈ।
ਮਜ਼ਬੂਤ ਚਿਹਰੇ ਦੀ ਖੋਜ 'ਚ 'ਆਪ'
ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਚੁੱਕੇ ਐੱਚ. ਐੱਸ. ਫੂਲਕਾ ਹੁਣ ਸਰਗਰਮ ਰਾਜਨੀਤੀ 'ਚ ਨਹੀਂ ਹਨ ਅਤੇ ਉਨ੍ਹਾਂ ਨੇ ਆਪਣਾ ਸਮਾਜਸੇਵੀ ਸੰਗਠਨ ਬਣਾ ਲਿਆ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਦਾ ਨਾਂ ਚਰਚਾ 'ਚ ਹੈ। ਹਾਲਾਂਕਿ ਪਾਰਟੀ ਚੋਣਾਂ  ਦੌਰਾਨ ਕਿਸ ਨੂੰ ਮੈਦਾਨ 'ਚ ਉਤਾਰਦੀ ਹੈ, ਇਸ ਦਾ ਪਤਾ ਬਾਅਦ 'ਚ ਲੱਗੇਗਾ ਪਰ ਪਾਰਟੀ ਇਸ ਸੀਟ ਲਈ ਮਜ਼ਬੂਤ ਚਿਹਰੇ ਦੀ ਭਾਲ 'ਚ ਜੁਟੀ ਹੋਈ ਹੈ।

ਵਿਧਾਨ ਸਭਾ ਚੋਣਾਂ ਦੌਰਾਨ ਮਜ਼ਬੂਤ ਹੋਈ ਕਾਂਗਰਸ
ਇਹ ਸੀਟ 2019 ਅਤੇ 2014 ਦੀਆਂ ਚੋਣਾਂ 'ਚ ਕਾਂਗਰਸ ਨੇ ਜਿੱਤੀ ਸੀ। ਕਾਂਗਰਸ ਨੂੰ ਇਸ ਸੀਟ 'ਤੇ 300459 ਵੋਟ ਮਿਲੇ ਸਨ ਪਰ ਵਿਧਾਨ ਸਭਾ ਚੋਣਾਂ 'ਚ ਇਸ ਸੀਟ 'ਤੇ ਕਾਂਗਰਸ ਦੇ ਵੋਟ ਵੱਧ ਕੇ 393514 ਹੋ ਗਏ। ਇਸ ਲਿਹਾਜ ਨਾਲ 2017 'ਚ ਕਾਂਗਰਸ ਨੂੰ ਇਸ ਸੀਟ 'ਤੇ 93055 ਵੋਟਾਂ ਦਾ ਲਾਭ ਹੋਇਆ। ਕਾਂਗਰਸ ਨੇ ਇਸ ਚੋਣ ਦੇ ਦੌਰਾਨ ਲੁਧਿਆਣਾ ਪੂਰਵੀ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ ਵਿਧਾਨ ਸਭਾ ਸੀਟਾਂ ਵੀ ਆਪਣੇ ਪਾਲੇ 'ਚ ਕਰ ਲਈਆਂ।
ਬਿੱਟੂ ਦੇ ਇਲਾਵਾ ਮਨੀਸ਼ ਦਾ ਨਾਂ ਵੀ ਚਰਚਾ 'ਚ
ਕਾਂਗਰਸ ਵਲੋਂ ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਇਲਾਵਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਦਾਅਵੇਦਾਰਾਂ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਹਾਲਾਂਕਿ ਤਿਵਾੜੀ ਨੇ ਪਿਛਲੇ ਸਾਲ ਕਾਂਗਰਸ ਦੇ ਖਿਲਾਫ ਮਾਹੌਲ ਨੂੰ ਦੇਖਦੇ ਹੋਏ 2009 ਦੀਆਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਐਤਕੀਂ ਵੀ ਉਨ੍ਹਾਂ ਲੁਧਿਆਣਾ ਦੀ ਥਾਂ ਰਸਮੀ ਤੌਰ 'ਤੇ ਚੰਡੀਗੜ੍ਹ ਸੀਟ ਲਈ ਦਰਖਾਸਤ ਦਿੱਤੀ ਹੈ ਪਰ ਇਸ ਦੇ ਬਾਵਜੂਦ ਜੇਕਰ ਕਾਂਗਰਸ ਇਸ ਸੀਟ 'ਤੇ ਹਿੰਦੂ ਚਿਹਰੇ ਨੂੰ ਉਤਾਰਨ ਦਾ ਫੈਸਲਾ ਕਰਦੀ ਹੈ ਤਾਂ ਮਨੀਸ਼ ਤਿਵਾੜੀ ਪਾਰਟੀ ਦੀ ਪਹਿਲੀ ਪਸੰਦ ਹੋ ਸਕਦੇ ਹਨ।

ਸੰਸਦ 'ਚ ਰਵਨੀਤ ਸਿੰਘ ਬਿੱਟੂ

ਸਾਲ ਜੇਤੂ ਪਾਰਟੀ
1957 ਬਹਾਦਰ ਸਿੰਘ ਕਾਂਗਰਸ
1962 ਕਪੂਰ ਸਿੰਘ ਅਕਾਲੀ ਦਲ
1967 ਡੀ. ਸਿੰਘ ਕਾਂਗਰਸ
1971 ਦਵਿੰਦਰ ਸਿੰਘ ਕਾਂਗਰਸ
1977 ਜਗਦੇਵ ਸਿੰਘ ਅਕਾਲੀ ਦਲ
1980 ਦਵਿੰਦਰ ਸਿੰਘ ਕਾਂਗਰਸ
1985 ਮੇਵਾ ਸਿੰਘ ਕਾਂਗਰਸ
1989 ਰਜਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ (ਮਾਨ)
1992 ਗੁਰਚਰਨ ਸਿੰਘ ਕਾਂਗਰਸ
1996 ਅਮਰੀਕ ਸਿੰਘ ਅਕਾਲੀ ਦਲ
1998 ਅਮਰੀਕ ਸਿੰਘ ਅਕਾਲੀ ਦਲ
1999 ਗੁਰਚਰਨ ਸਿੰਘ ਕਾਂਗਰਸ
2004 ਸ਼ਰਨਜੀਤ ਸਿੰਘ ਅਕਾਲੀ ਦਲ
2009 ਮਨੀਸ਼ ਤਿਵਾੜੀ ਕਾਂਗਰਸ
2014 ਰਵਨੀਤ ਸਿੰਘ ਬਿੱਟੂ ਕਾਂਗਰਸ

ਅਕਾਲੀ ਦਲ ਨੇ ਨਹੀਂ ਖੋਲ੍ਹੇ ਪੱਤੇ
ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਰਹੇ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਨਾਂ ਚਰਚਾ ਹੈ ਹਾਲਾਂਕਿ ਪਿਛਲੀ ਵਾਰੀ ਅਕਾਲੀ ਦਲ ਵਲੋਂ ਇਸ ਸੀਟ 'ਤੇ ਮਨਪ੍ਰੀਤ ਸਿੰਘ  ਇਆਲੀ ਨੇ ਚੋਣ ਲੜੀ ਸੀ। ਉਨ੍ਹਾਂ ਦੇ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ ਵੀ ਇਸ ਸੀਟ 'ਤੇ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਨਾਂ ਵੀ ਚਰਚਾ 'ਚ ਹੈ ਪਰ ਅਕਾਲੀ ਦਲ ਨੇ ਫਿਲਹਾਲ ਸੀਟ ਨੂੰ ਲੈ ਕੇ ਪੱਤੇ ਨਹੀਂ ਖੋਲ੍ਹੇ ਹਨ।

ਫੰਡ ਦਾ ਵੇਰਵਾ  
ਫੰਡ ਜਾਰੀ 25 ਕਰੋੜ
ਵਿਆਜ ਸਮੇਤ ਫੰਡ 26.60 ਕਰੋੜ
ਫੰਡ ਖਰਚ 21.68 ਕਰੋੜ
ਫੰਡ ਪੈਂਡਿੰਗ 4.92 ਕਰੋੜ
ਸ੍ਰੋਤ ਐੱਮ. ਪੀ. ਲੈੱਡ ਵੈੱਬਸਾਈਟ

 

rajwinder kaur

This news is Content Editor rajwinder kaur