ਲੁਧਿਆਣਾ ਪੁਲਸ ਨੇ ਕਾਬੂ ਕੀਤੇ 4 ਸ਼ੱਕੀ ਕਸ਼ਮੀਰੀ, ਹਥਿਆਰ ਬਰਾਮਦ : ਸੂਤਰ

11/06/2018 11:22:15 PM

ਲੁਧਿਆਣਾ,(ਰਿਸ਼ੀ/ਤਰੁਣ)— ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਦਿਖ ਰਹੀ ਲੁਧਿਆਣਾ ਪੁਲਸ ਨੇ ਮੰਗਲਵਾਰ ਦੇਰ ਸ਼ਾਮ ਰਡ਼ੀ ਮੁਹੱਲਾ 'ਚ ਰੇਡ ਮਾਰੀ। ਦਰਜਨਾਂ ਪੁਲਸ ਕਰਮਚਾਰੀਆਂ ਨੇ ਇਲਾਕੇ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ। ਹਰ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਪੁਲਸ ਨੇ ਚਾਰ ਸ਼ੱਕੀ ਕਸ਼ਮੀਰੀ ਨੌਜਵਾਨਾਂ ਨੂੰ ਇਕ ਘਰ 'ਚੋਂ ਦਬੋਚ ਲਿਆ,ਜਿਨ੍ਹਾਂ ਤੋਂ ਅਸਲਾ ਤੇ ਪਾਕਿਸਤਾਨੀ ਦਸਤਾਵੇਜ਼ ਵੀ ਬਰਾਮਦ ਹੋਏ ਹਨ ਪਰ ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਪੁਲਸ ਨੇ ਅਧਿਕਾਰਕ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ।

ਸੂਤਰਾਂ ਅਨੁਸਾਰ ਫਡ਼ੇ ਗਏ ਸ਼ੱਕੀਅਾਂ ਦੇ ਤਾਰ ਬੀਤੇ ਦਿਨੀਂ ਜਲੰਧਰ ਮਕਸੂਦਾਂ ਚੌਕੀ 'ਚ ਹੋਏ ਬੰਬ ਬਲਾਸਟ ਨਾਲ ਜੁਡ਼ੇ ਹੋਏ ਹਨ। ਜਲੰਧਰ ਪੁਲਸ ਵਲੋਂ ਦੋ ਦਿਨ ਪਹਿਲਾਂ ਫਡ਼ੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਫਡ਼ੇ ਗਏ ਸ਼ੱਕੀਆਂ ਦੇ ਨਾਂ ਸਾਹਮਣੇ ਆਏ ਹਨ।

ਸੂਤਰਾਂ ਅਨੁਸਾਰ ਪੁਲਸ ਮੋਬਾਇਲ ਲੋਕੇਸ਼ਨ ਨਾਲ ਇਨ੍ਹਾਂ ਤੱਕ ਪੁੱਜਣ ਦਾ ਯਤਨ ਕਰ ਰਹੀ ਸੀ। ਜੋ ਲਗਾਤਾਰ 4 ਘੰਟਿਅਾਂ ਤੋਂ ਟਰੈਪ ਲਗਾ ਕੇ ਬੈਠੀ ਸੀ। ਸਵੇਰੇ ਸ਼ੱਕੀਆਂ ਦੀ ਲੋਕੇਸ਼ਨ ਥਾਣਾ ਡਵੀਜ਼ਨ ਨੰ. 8 ਦੇ ਇਲਾਕੇ 'ਚ ਸੀ। ਜਦਕਿ ਬਾਅਦ ਵਿਚ ਸ਼ੱਕੀਆਂ ਦੀ ਲੋਕੇਸ਼ਨ ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਵਿਚ ਰਡ਼ੀ ਮੁਹੱਲਾ 'ਚ ਸੀ। ਫਡ਼ੇ ਗਏ ਸ਼ੱਕੀਆਂ ਦੀ ਸੈਂਕਡ਼ੇ ਵਾਰ ਕਸ਼ਮੀਰ ਤੇ ਜਲੰਧਰ 'ਚ ਗੱਲਬਾਤ ਹੋਈ ਹੈ। ਏ. ਡੀ. ਸੀ. ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਵਿਚ ਪੁਲਸ ਟੀਮ ਨੇ ਰੇਡ ਮਾਰੀ। ਰੇਡ ਇੰਨੀ ਗੁਪਤ ਸੀ ਕਿ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਵੀ ਇਸ ਦੀ ਭਿਣਕ ਤੱਕ ਨਹੀਂ ਲੱਗੀ। ਇਸ ਸਬੰਧੀ ਏ. ਡੀ. ਸੀ. ਪੀ.-2 ਸੁਰਿੰਦਰ ਲਾਂਬਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਪੁਲਸ ਨੇ ਲਗਭਗ 80 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਪੁਲਸ ਨੇ ਰੇਡ ਦੀ ਗੱਲ ਤੋਂ ਇਨਕਾਰ ਕੀਤਾ ਹੈ।

ਅਫਵਾਹ ਨਾਲ ਮਚੀ ਭੱਜ-ਦੌਡ਼

ਰਡ਼ੀ ਮੁਹੱਲੇ 'ਚ ਪੁਲਸ ਦੀ ਗੁਪਤ ਰੇਡ ਨਾਲ ਭੱਜ-ਦੌਡ਼ ਮਚ ਗਈ। ਦਰਜਨਾਂ ਪੁਲਸ ਕਰਮਚਾਰੀਆਂ ਦੀ ਰੇਡ ਨਾਲ ਪਹਿਲਾਂ ਇਹ ਅਫਵਾਹ ਫੈਲੀ ਕਿ ਪੁਲਸ ਨੇ ਮੋਬਾਇਲ ਲੋਕੇਸ਼ਨ ਦੇ ਜ਼ਰੀਏ ਕੁਝ ਅੱਤਵਾਦੀ ਫਡ਼ੇ ਹਨ। ਦੂਜੀ ਅਫਵਾਹ ਇਹ ਸੀ ਕਿ ਪੁਲਸ ਦੇ ਹੱਥ ਵੱਡੀ ਮਾਤਰਾ 'ਚ ਅਸਲਾ ਲੱਗਾ ਪਰ ਦੇਰ ਰਾਤ ਏ. ਡੀ. ਸੀ. ਪੀ.-2 ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।