ਵਿਆਹ ਤੋਂ ਡੇਢ ਸਾਲ ਬਾਅਦ ਨਹੀਂ ਹੋਇਆ ਬੱਚਾ, ਪਿਉ ਨੇ ਕੁਹਾੜੀ ਨਾਲ ਵੱਢੀ ਧੀ

12/15/2019 1:20:17 PM

ਲੁਧਿਆਣਾ (ਰਿਸ਼ੀ) : ਵਿਆਹ ਦੇ ਡੇਢ ਸਾਲ ਬਾਅਦ ਵੀ ਬੱਚਾ ਨਾ ਹੋਣ 'ਤੇ ਪਿਤਾ ਪਹਿਲਾਂ ਲੜਕੀ ਨੂੰ ਪੇਕੇ ਲੈ ਆਇਆ ਫਿਰ ਸੁੱਤੀ ਪਈ ਦੀ ਗਰਦਨ 'ਤੇ 5 ਵਾਰ ਕੀਤੇ। ਪਤਾ ਚਲਦੇ ਹੀ ਘਟਨਾ ਸਥਾਨ 'ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਨੇ ਸਰਕਾਰੀ ਗੱਡੀ 'ਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਸ ਨੇ ਆਪਣੀ ਜੇਬ ਤੋਂ ਲਗਭਗ 15 ਹਜ਼ਾਰ ਰੁਪਏ ਜਮ੍ਹਾ ਕਰਵਾ ਕੇ ਜ਼ਖਮੀ ਦਾ ਇਲਾਜ ਸ਼ੁਰੂ ਕਰਵਾਇਆ। ਐੱਸ. ਐੱਚ. ਓ. ਇੰਸਪੈਕਟਰ ਅਮਰਜੀਤ ਸਿੰਘ ਦੇ ਮੁਤਾਬਕ ਜ਼ਖਮੀ ਦੀ ਪਛਾਣ ਰੁਪਿਦਰ ਕੌਰ (25) ਵਜੋਂ ਹੋਈ ਹੈ। ਜ਼ਖਮੀ ਦਾ ਵਿਆਹ ਲਗਭਗ ਡੇਢ ਸਾਲ ਪਹਿਲਾਂ ਡਾਬਾ ਰੋਡ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੇ ਨਾਲ ਹੋਇਆ ਸੀ ਪਰ ਉਹ ਗਰਭਵਤੀ ਨਹੀਂ ਹੋਈ। ਪਤੀ ਵੱਲੋਂ ਇਲਾਜ ਵੀ ਕਰਵਾਇਆ ਜਾ ਰਿਹਾ ਸੀ। ਲਗਭਗ 4 ਮਹੀਨੇ ਪਹਿਲਾਂ ਦੋਸ਼ੀ ਪਿਤਾ ਕੁਲਵੰਤ ਸਿੰਘ (60) ਉਸ ਨੂੰ ਆਪਣੇ ਘਰ ਕੋਰਟ ਮੰਗਲ ਸਿੰਘ ਲੈ ਆਇਆ ਅਤੇ ਦੇਸੀ ਇਲਾਜ ਕਰਵਾਉਣ ਲੱਗ ਪਿਆ। ਸ਼ੁੱਕਰਵਾਰ ਦੁਪਹਿਰ ਦੇ ਸਮੇਂ ਲੜਕੀ ਘਰ ਦੀ ਉਪਰਲੀ ਮੰਜਲ 'ਤੇ ਬਣੇ ਕਮਰੇ 'ਚ ਸੌਂ ਰਹੀ ਸੀ, ਜਦੋਂ ਕਿ ਦੋਸ਼ੀ ਪਿਤਾ ਹੇਠਾਂ ਫੈਕਟਰੀ 'ਚ ਬੈਠਾ ਸੀ। ਤਦ ਉਹ ਕੁਹਾੜੀ ਲੈ ਕੇ ਉਪਰ ਗਿਆ ਅਤੇ ਲੜਕੀ ਦੀ ਗਰਦਨ 'ਤੇ ਕਈ ਵਾਰ ਕੀਤੇ ਅਤੇ ਲਹੂ ਲੁਹਾਨ ਹਾਲਤ 'ਚ ਮਰਿਆ ਸਮਝ ਕੇ ਹੇਠਾਂ ਆ ਗਿਆ

ਲੜਕੀ ਦੇ 'ਤੇ ਰੱਖੇ ਗੱਦੇ, 2 ਘੰਟਿਆਂ ਬਾਅਦ ਕੀਤਾ ਪੁਲਸ ਨੂੰ ਫੋਨ
ਇੰਸਪੈਕਟਰ ਅਮਰਜੀਤ ਸਿੰਘ ਦੇ ਮੁਤਾਬਕ ਗੰਭੀਰ ਰੂਪ ਤੋਂ ਜ਼ਖਮੀ ਕਰਨ ਤੋਂ ਬਾਅਦ ਪਿਤਾ ਨੇ ਲੜਕੀ ਦੇ ਉਪਰ ਕਈ ਗੱਦੇ ਰੱਖ ਕੇ ਸਾਹ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਤੋਂ ਬਾਅਦ ਖੁਦ ਹੇਠਾਂ ਆ ਕੇ ਬੈਠ ਗਿਆ ਪਰ 2 ਘੰਟਿਆਂ ਬਾਅਦ ਪੁਲਸ ਕੰਟਰੋਲ ਰੂਮ 'ਤੇ ਫੋਨ ਕਰ ਕੇ ਆਪਣਾ ਗੁਨਾਹ ਦੱਸਿਆ, ਜਿਸ ਤੋਂ ਬਾਅਦ ਤੁਰੰਤ ਪੁਲਸ ਮੌਕੇ ਤੇ ਪੁੱਜੀ ਅਤੇ ਲੜਕੀ ਦੇ ਸਾਹ ਚੱਲ ਰਹੇ ਸਨ, ਜਿਸ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਲਿਜਾਇਆ ਗਿਆ ਅਤੇ ਖੁਦ ਪੈਸੇ ਜਮ੍ਹਾ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ।

ਜਵਾਈ 'ਤੇ ਕਰ ਚੁੱਕੈ ਕਾਤਲਾਨਾ ਹਮਲਾ
ਇੰਸਪੈਕਟਰ ਅਮਰਜੀਤ ਸਿੰਘ ਮੁਤਾਬਕ ਮੁਲਜ਼ਮ ਪਿਤਾ ਨੇ ਕੁਝ ਸਮੇਂ ਪਹਿਲਾਂ ਜਵਾਈ ਗੁਰਦੀਪ ਸਿੰਘ ਪਤਨੀ ਨੂੰ ਲੈਣ ਘਰ ਆਇਆ ਤਾਂ ਉਸ 'ਤੇ ਕੁਹਾੜੀ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਪਰ ਸਹੁਰੇ ਦੇ ਖਿਲਾਫ ਉਸ ਨੇ ਸ਼ਿਕਾਇਤ ਨਹੀਂ ਦਿੱਤੀ। ਪੁਲਸ ਨੇ ਜਵਾਈ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਐਤਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
 

Baljeet Kaur

This news is Content Editor Baljeet Kaur