ਲੁਧਿਆਣਾ-ਲਾਡੋਵਾਲ ਟੋਲ ਪਲਾਜ਼ਾ ਮੁੜ ਸ਼ੁਰੂ

03/09/2019 5:07:42 PM

ਫਿਲੌਰ(ਭਾਖੜੀ)— 30 ਘੰਟੇ ਟੋਲ ਪਲਾਜ਼ਾ ਲਗਾਤਾਰ ਬੰਦ ਰਹਿਣ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਭਰੋਸਾ ਦੇਣ ਤੋਂ ਬਾਅਦ ਮੁੜ  ਚਾਲੂ ਹੋ ਗਿਆ। ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਪ੍ਰਦੇਸ਼ ਕਾਂਗਰਸ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਾਂਗਰਸੀਆਂ ਵੱਲੋਂ ਟੋਲ ਬੈਰੀਅਰ 'ਤੇ ਬੀਤੇ ਦਿਨ ਧਰਨਾ ਲਾ ਕੇ ਪਲਾਜ਼ਾ ਬੰਦ ਕਰ ਦਿੱਤਾ ਗਿਆ ਸੀ। ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਆਸ਼ੂ ਨੇ ਕਿਹਾ ਸੀ ਕਿ ਰੋਜ਼ਾਨਾ 50 ਲੱਖ ਰੁਪਏ ਟੋਲ ਵਸੂਲਣ ਦੇ ਬਾਵਜੂਦ ਲਾਡੋਵਾਲ ਟੋਲ ਪਲਾਜ਼ਾ ਵੱਲੋਂ ਨਾ ਤਾਂ ਸੜਕਾਂ ਦਾ ਸਹੀ ਤਰ੍ਹਾਂ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਲੁਧਿਆਣਾ ਦੇ ਪ੍ਰਮੁੱਖ ਚੌਕ ਬਸਤੀ ਜੋਧੇਵਾਲ, ਸ਼ੇਰਪੁਰ, ਮੋਹਨ ਦੇਈ ਹਸਪਤਾਲ ਦੇ ਕੋਲ ਪੁਲ ਬਣਾਏ ਜਾ ਰਹੇ ਹਨ। ਐੱਮ. ਪੀ. ਨੇ ਕਿਹਾ ਸੀ ਕਿ ਜਦੋਂ ਤੱਕ ਕੰਮ ਨਹੀਂ ਤਾਂ ਟੋਲ ਨਹੀਂ।

ਅੱਜ ਸ਼ਾਮ 4 ਵਜੇ ਟੋਲ ਬੈਰੀਅਰ ਦੀ ਠੇਕੇਦਾਰ ਕੰਪਨੀ ਸੋਮਾ ਆਈਸੋਲੈਟਸ ਦੇ ਵੱਡੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਧਰਨੇ ਵਾਲੀ ਜਗ੍ਹਾ 'ਤੇ ਪੁੱਜੇ। ਇੱਥੇ ਮੰਤਰੀ ਆਸ਼ੂ ਵੱਲੋਂ ਏ. ਡੀ. ਸੀ. ਨੂੰ ਬੁਲਾਇਆ ਗਿਆ। ਇੱਥੇ ਸਰਕਾਰੀ ਅਧਿਕਾਰੀਆਂ ਦੀ ਅਗਵਾਈ ਵਿਚ ਕੰਪਨੀ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ 10 ਅਪ੍ਰੈਲ ਤੋਂ ਇਕ ਪੁਲ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਬਾਕੀ ਬਚੇ ਪੁਲਾਂ ਤੇ ਸੜਕਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਅੱਜ ਦੇ ਇਸ ਧਰਨੇ ਵਿਚ ਕੌਂਸਲਰ ਨਰਿੰਦਰ ਕਾਲਾ, ਮੇਅਰ ਬਲਕਾਰ  ਸਿੰਘ, ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਕੋਮਲ ਖੰਨਾ, ਈਸ਼ਵਰਜੋਤ ਸਿੰਘ ਚੀਮਾ, ਸੁਖਵੰਤ ਸਿੰਘ ਦੁਗਰੀ, ਫੁਲਬਧਨ ਫੁਲਾ ਤੇ  ਹੋਰ ਕਾਂਗਰਸੀ ਵਰਕਰ ਮੌਜੂਦ ਸਨ।

cherry

This news is Content Editor cherry