ਦਵਿੰਦਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਲੁਧਿਆਣਾ-ਜਲੰਧਰ ਹਾਈਵੇਅ ਜਾਮ

01/27/2022 6:16:25 PM

ਫਗਵਾੜਾ (ਮੁਨੀਸ਼, ਜਲੋਟਾ)- ਫਗਵਾੜਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਰੋਸ ਮਾਰਚ ਦਾ ਮਾਮਲਾ ਗਰਮਾ ਗਿਆ ਹੈ। ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਦੇਣ ਲਈ ਇਕ ਵਫ਼ਦ ਉਨ੍ਹਾਂ ਦੀ ਕੋਠੀ ਵੱਲ ਨੂੰ ਵਧਿਆ ਸੀ ਪਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਸਾਹਮਣੇ ਜਾਣ ਤੋਂ ਵਫ਼ਦ ਨੇ ਇਨਕਾਰ ਕਰਕੇ ਸੋਮ ਪ੍ਰਕਾਸ਼ ਨੂੰ ਥੋੜ੍ਹਾ ਘਰ ਤੋਂ ਅੱਗੇ ਆ ਕੇ ਮੰਗ ਪੱਤਰ ਲੈਣ ਦੇ ਲਈ ਕਿਹਾ। 


ਇਥੇ ਦੱਸਣਯੋਗ ਹੈ ਕਿ ਪ੍ਰਫ਼ੈਸਰ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਸੋਮ ਪ੍ਰਕਾਸ਼ ਨੂੰ ਮਿਲਣ ਲਈ ਪੁੱਜੀਆਂ ਸਨ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਅਰਬਨ ਅਸਟੇਟ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿੱਥੇ ਉਨ੍ਹਾਂ ਵੱਲੋਂ ਇਹ ਮੰਗ ਰੱਖੀ ਗਈ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਉਨ੍ਹਾਂ ਨੂੰ ਆ ਕੇ ਮਿਲਣ ਪਰ ਕੁਝ ਕਾਰਨਾਂ ਕਰਕੇ ਪ੍ਰਦਰਸ਼ਨਕਾਰੀਆਂ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਆਪਸੀ ਮੁਲਾਕਾਤ ਨਹੀਂ ਹੋ ਪਾਈ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਵੇਖਦੇ ਹੀ ਵੇਖਦੇ ਕੌਮੀ ਰਾਜਮਾਰਗ ਨੰਬਰ ਇਕ ਅਤੇ ਇਸ ਦੇ ਆਸ-ਪਾਸ ਮੌਜੂਦ ਲਿੰਕ ਸੜਕਾਂ ਉਤੇ ਟ੍ਰੈਫਿਕ ਜਾਮ ਲਗਾ ਦਿੱਤਾ ਹੈ ਅਤੇ ਇਨ੍ਹਾਂ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ


ਉਧਰ ਦੂਜੇ ਪਾਸੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ 22 ਜਨਵਰੀ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖੀ ਗਈ ਹੈ।

ਉਨ੍ਹਾਂ ਕਿਹਾ ਕਿ ਉਹ ਬੰਦੀ ਸਿੱਖਾਂ ਦੀ ਰਿਹਾਈ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਹਰ ਪੱਖੋਂ ਭਾਰਤ ਸਰਕਾਰ ਤਕ ਕਿਸਾਨ ਆਗੂਆਂ ਅਤੇ ਸਿੱਖ ਜਥੇਬੰਦੀਆਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਪਹੁੰਚਾਉਣਗੇ। ਖ਼ਬਰ ਲਿਖੇ ਜਾਣ ਤਕ ਸਿੱਖ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਵੱਲੋਂ ਫਗਵਾੜਾ ਚ ਕੌਮੀ ਰਾਜਮਾਰਗ ਨੰਬਰ ਇਕ ਅਤੇ ਇਸ ਦੇ ਆਸ-ਪਾਸ ਮੌਜੂਦ ਲਿੰਕ ਸੜਕਾਂ ਨੂੰ ਪੂਰੀ ਤਰ੍ਹਾਂ ਨਾਲ ਜਾਮ ਕੀਤਾ ਗਿਆ ਹੈ ਅਤੇ ਸਾਰੇ ਪਾਸਿਓਂ ਟਰੈਫਿਕ ਦੀ ਆਵਾਜਾਈ ਬੰਦ ਹੈ। ਇਸ ਦੌਰਾਨ ਫਗਵਾੜਾ ਸ਼ਹਿਰ ਪੁਲਸ ਛਾਉਣੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri