ਲੁਧਿਆਣਾ ਹਾਦਸਾ : ਕਿਸੇ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਿਸੇ ਦਾ ਉੱਜੜਿਆ ਸੁਹਾਗ, ਦਿਲਾਂ ਨੂੰ ਚੀਰਦੇ ਜਾਂਦੇ ਸੀ ਵੈਣ

11/22/2017 12:26:36 PM

ਲੁਧਿਆਣਾ : ਸੂਫੀਆ ਬਾਗ ਚੌਕ 'ਚ ਫੈਕਟਰੀ ਹਾਦਸੇ ਦਾ ਭਿਆਨਕ ਮੰਜ਼ਰ ਹਰ ਅੱਖ ਨੂੰ ਨਮ ਕਰ ਗਿਆ। ਇਸ ਦਰਦਨਾਕ ਹਾਦਸੇ ਦੌਰਾਨ ਕਿਸੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਕਿਸੇ ਦਾ ਸੁਹਾਗ ਉੱਜੜ ਗਿਆ। ਫੈਕਟਰੀ ਦੇ ਬਾਹਰ ਬੈਠੇ ਆਪਣਿਆਂ ਦੇ ਸਹੀ-ਸਲਾਮਤ ਬਾਹਰ ਆਉਣ ਦੀ ਉਡੀਕ ਕਰਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਉਨ੍ਹਾਂ ਦੀ ਮੌਤ ਦਾ ਪਤਾ ਲੱਗਦਾ ਤਾਂ ਪਰਿਵਾਰਕ ਮੈਂਬਰਾਂ ਦੇ ਵੈਣ ਦਿਲਾਂ ਨੂੰ ਚੀਰਦੇ ਜਾਂਦੇ ਸੀ। 
ਸਾਲ ਪਹਿਲਾਂ ਮਾਂ ਤੋਂ ਵਿੱਛੜੇ, ਹੁਣ ਉੱਠਿਆ ਪਿਓ ਦਾ ਸਾਇਆ
ਅੰਸ਼ੂ (8) ਅਤੇ ਮੁਕੇਸ਼ (4) ਦੀ ਮਾਂ ਦਾ ਬੀਮਾਰੀ ਕਾਰਨ ਇਕ ਸਾਲ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਪਰ ਇਸ ਹਾਦਸੇ ਕਾਰਨ ਉਨ੍ਹਾਂ ਦੇ ਸਿਰ ਤੋਂ ਪਿਓ ਦਾ ਸਾਇਆ ਵੀ ਉੱਠ ਗਿਆ। ਬੱਚਿਆਂ ਦੇ ਪਿਓ ਫਾਇਰਮੈਨ ਵਿਸ਼ਾਲ ਕੁਮਾਰ ਦੀ ਬਜ਼ੁਰਗ ਮਾਂ ਨੇ ਜਦੋਂ ਉਸ ਦੀ ਮੌਤ ਦੀ ਖਬਰ ਸੁਣੀ ਤਾਂ ਉਹ ਕਾਫੀ ਸਮਾਂ ਬੇਹੋਸ਼ ਹੀ ਰਹੀ। ਉਹ ਇੱਕੋ ਗੱਲ ਕਹੀ ਜਾ ਰਹੀ ਸੀ ਕਿ ਉਸ ਦੇ ਬੇਟੇ ਨੇ ਕਿਹਾ ਸੀ ਕਿ ਮਾਂ ਇੱਥੇ ਬਹੁਤ ਵੱਡੀ ਅੱਗ ਲੱਗੀ ਹੈ ਤੇ ਮੈਂ ਉਸ ਨੂੰ ਬੁਝਾਉਣ ਜਾ ਰਿਹਾ ਹਾਂ। ਬੇਟੇ ਦਾ ਚਿਹਰਾ ਦੇਖਣ ਲਈ ਮਾਂ ਸਾਢੇ 16 ਘੰਟੇ ਉੱਥੇ ਹੀ ਖੜ੍ਹੀ ਰਹੀ ਅਤੇ ਮੰਗਲਵਾਰ ਤੜਕੇਸਵੇਰੇ ਸਾਢੇ 4 ਵਜੇ ਬੇਟੇ ਦੀ ਲਾਸ਼ ਦਿਖੀ। ਲਾਸ਼ ਦੀ ਹਾਲਤ ਇੰਨੀ ਖਰਾਬ ਸੀ ਕਿ ਹੱਥ 'ਤੇ ਬਣੇ ਨਿਸ਼ਾਨ ਕਾਰਨ ਹੀ ਉਸ ਨੂੰ ਪਛਾਣਿਆ ਗਿਆ।
'ਮੈਨੂੰ ਮੁਆਵਜ਼ਾ ਨਹੀਂ ਚਾਹੀਦਾ, ਮੇਰਾ ਸੁਹਾਗ ਵਾਪਸ ਕਰ ਦਿਓ'
ਹਾਦਸੇ ਦੌਰਾਨ ਫਾਇਰ ਟੀਮ ਦੇ ਨਾਲ ਮਲਬੇ 'ਚ ਦੱਬੇ ਫਾਇਰਮੈਨ ਰਾਜਨ ਸਿੰਘ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਸੀ। ਰਾਜਨ ਦਾ ਵਿਆਹ 9 ਸਾਲ ਪਹਿਲਾਂ ਰੇਖਾ ਨਾਲ ਹੋਇਆ ਸੀ ਅਤੇ ਉਸ ਦੀਆਂ 2 ਬੇਟੀਆਂ ਅਤੇ ਇਕ ਬੇਟਾ ਹੈ। ਉਸ ਦੀ ਪਤਨੀ ਰੇਖਾ ਨੇ ਦੱਸਿਆ ਕਿ ਰਾਜਨ ਦੇ ਪਿਤਾ ਵਿਜੇ ਵੀ ਫਾਇਰਮੈਨ ਸਨ। ਬੀਮਾਰੀ ਕਾਰਨ ਪਿਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਨੌਕਰੀ ਕਰੀਬ 5 ਸਾਲ ਪਹਿਲਾਂ ਹੀ ਰਾਜਨ ਨੂੰ ਮਿਲੀ ਸੀ। ਉਸ ਨੇ ਦੱਸਿਆ ਕਿ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਰਾਜਨ ਹੀ ਪੂਰੇ ਪਰਿਵਾਰ ਦਾ ਖਰਚਾ ਚਲਾਉਂਦਾ ਸੀ। ਰੇਖਾ ਨੇ ਰੋਂਦਿਆਂ ਕਿਹਾ ਕਿ ਉਸ ਨੂੰ ਮੁਆਵਜ਼ਾ ਨਹੀਂ ਚਾਹੀਦਾ, ਉਸ ਨੂੰ ਉਸ ਦਾ ਪਤੀ ਵਾਪਸ ਕਰ ਦਿੱਤਾ ਜਾਵੇ ਕਿਉਂਕਿ ਪਤੀ ਹੀ ਉਸ ਦੀ ਸਾਰੀ ਪੂੰਜੀ ਹੈ।