ਲੁਧਿਆਣਾ 'ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ

02/16/2018 2:06:49 AM

ਲੁਧਿਆਣਾ— ਸ਼ਹਿਰ ਦੇ ਗਾਂਧੀ ਨਗਰ 'ਚ ਸਥਿਤ ਸਟਰਲਿੰਗ ਕੱਪੜਾ ਫੈਕਟਰੀ 'ਚ ਅੱਜ ਰਾਤ ਅਚਾਨਕ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ 'ਤੇ ਪੁੱਜੀਆਂ। ਗਾਂਧੀ ਨਗਰ 'ਚ ਸਥਿਤ 3 ਮੰਜ਼ਿਲਾਂ ਕੱਪੜਿਆਂ ਦੀ ਫੈਕਟਰੀ ਸੜ ਕੇ ਸੁਆਹ ਹੋ ਗਈ ਅਤੇ ਅੱਗ ਕਾਰਨ ਇਮਾਰਤ ਨੂੰ ਵੀ ਕਾਫੀ ਨੁਕਸਾਨੀ ਗਈ ਹੈ। ਇਸ ਦੌਰਾਨ 12 ਗੱਡੀਆਂ ਨੇ 2 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। 
ਅੱਗ ਬੁਝਾਊ ਦਲ ਦੇ ਅਧਿਕਾਰੀ ਅਤੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਕਰੀਬ 7 ਵਜੇ ਦੀ ਹੈ।
ਗਾਂਧੀ ਨਗਰ ਪੁਲੀ ਨੇੜੇ 10 ਨੰਬਰ ਗਲੀ ਸਾਹਮਣੇ 3 ਮੰਜ਼ਿਲਾਂ 'ਚ ਸਟਰਲਿੰਗ ਹੌਜਰੀ ਹੈ। ਜਿਸ ਦਾ ਮਾਲਕ ਰਾਜ ਕੁਮਾਰ ਜੈਨ ਹੈ। ਫੈਕਟਰੀ 'ਚ ਬੂਲਨ ਲੇਡੀਜ਼ ਕੋਟੀ ਆਦਿ ਤਿਆਰ ਕੀਤੀਆਂ ਜਾਂਦੀਆਂ ਸਨ। ਜੈਨ ਨੇ ਦੱਸਿਆ ਕਿ ਸ਼ਾਮ 6.30 ਵਜੇ ਕਾਰੀਗਰਾਂ ਨੂੰ ਛੁੱਟੀ ਕਰਨ ਤੋਂ ਬਾਅਦ ਫੈਕਟਰੀ ਬੰਦ ਕਰਕੇ ਅਜੇ ਉਹ ਘਰ ਪਹੁੰਚਿਆ ਹੀ ਸੀ ਕਿ ਅੱਧੇ ਘੰਟੇ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦੀ ਫੈਕਟਰੀ 'ਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਉਥੇ ਪਹੁੰਚਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਜੈਨ ਨੇ ਦੱਸਿਆ ਕਿ ਅੱਗ ਕਾਰਨ ਸਾਰੀ ਮਸ਼ੀਨਰੀ, ਤਿਆਰ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਉਸ ਦੀ ਫੈਕਟਰੀ 'ਚ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਨੁਕਸਾਨ ਲੱਖਾਂ ਰੁਪਏ 'ਚ ਹੋਇਆ।