ਲੁਧਿਆਣਾ ਘੰਟਾਘਰ ਬੰਬ ਧਮਾਕਾ ਮਾਮਲੇ 'ਚ ਹਵਾਰਾ ਨੂੰ ਵੱਡੀ ਰਾਹਤ

12/10/2019 1:32:50 PM

ਲੁਧਿਆਣਾ (ਮਹਿਰਾ) : ਲੁਧਿਆਣਾ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਅਤੇ ਹੋਰ ਮਾਮਲਿਆਂ 'ਚ ਤਿਹਾੜ ਜੇਲ 'ਚ ਬੰਦ ਖਾੜਕੂ ਜਗਤਾਰ ਸਿੰਘ ਹਵਾਰਾ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਲੁਧਿਆਣਾ ਦੇ ਘੰਟਾਘਰ ਬੰਬ ਧਮਾਕਾ ਮਾਮਲੇ 'ਚ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਦੂਜੀ ਧਿਰ ਜਗਤਾਰ ਸਿੰਘ ਹਵਾਰਾ 'ਤੇ ਲਾਏ ਗਏ ਦੋਸ਼ਾਂ ਨੂੰ ਸਾਬਿਤ ਕਰਨ 'ਚ ਅਸਫਲ ਰਹੀ। ਅੱਤਵਾਦ ਦੇ ਕਾਲੇ ਦੌਰ ਦੌਰਾਨ ਸਾਲ 1995 'ਚ ਘੰਟਾਘਰ ਨੇੜੇ ਹੋਏ ਬੰਬ ਧਮਾਕੇ ਨੂੰ ਲੈ ਕੇ ਜਗਤਾਰ ਸਿੰਘ ਹਵਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ। 1995 'ਚ ਹੀ ਆਰ. ਡੀ. ਐਕਸ. ਬਰਾਮਦਗੀ ਮਾਮਲੇ 'ਚ ਵੀ ਹਵਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਿਛਲੇ ਮਹੀਨੇ ਹੀ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਸੀ।
1995 'ਚ ਹੋਏ ਬੰਬ ਧਮਾਕੇ 'ਚ 24 ਲੋਕ ਹੋਏ ਸਨ ਜ਼ਖਮੀਂ
ਜ਼ਿਕਰਯੋਗ ਹੈ ਕਿ 1995 'ਚ ਲੁਧਿਆਣਾ ਦੇ ਘੰਟਾਘਰ ਚੌਂਕ 'ਚ ਹੋਏ ਬੰਬ ਧਮਾਕੇ 'ਚ 24 ਲੋਕ ਜ਼ਖਮੀਂ ਹੋਏ ਸਨ ਅਤੇ ਪੁਲਸ ਨੇ ਵਿਨੋਦ ਕੁਮਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ 23 ਦਸੰਬਰ, 1995 ਨੂੰ ਹਵਾਰਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਜਗਤਾਰ ਸਿੰਘ ਹਵਾਰਾ ਤੋਂ ਇਲਾਵਾ ਦੂਜੇ ਦੋਸ਼ੀਆਂ ਬਿਕਰਮਜੀਤ ਸਿੰਘ ਵਾਸੀ ਖੁਮਾਣੋਂ, ਪਰਮਜੀਤ ਸਿੰਘ ਭਿਓਰੋ, ਬਲਵਿੰਦਰ ਸਿੰਘ ਵਾਸੀ ਰੋਪੜ, ਪ੍ਰੀਤਮ ਸਿੰਘ ਆਦਿ ਨੂੰ ਵੀ ਇਸ 'ਚ ਨਾਮਜ਼ਦ ਕੀਤਾ ਸੀ। ਉਸ ਸਮੇਂ ਦੇ ਜੱਜ ਸੁਨੀਲ ਕੁਮਾਰ ਦੀ ਅਦਾਲਤ ਨੇ ਬਿਕਰਮਜੀਤ ਸਿੰਘ ਨੂੰ ਬਰੀ ਕਰ ਦਿੱਤਾ ਸੀ, ਜਦੋਂ ਕਿ ਬਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਪੁਲਸ ਨੇ ਜਗਤਾਰ ਸਿੰਘ ਹਵਾਰਾ ਤੋਂ ਪੁੱਛਗਿੱਛ ਦੌਰਾਨ ਕੁੰਦਨਪੁਰੀ ਇਲਾਕੇ 'ਚ ਬੁੱਢੇ ਨਾਲੇ ਨੇੜੇ ਹਵਾਰਾ ਤੋਂ 5 ਕਿੱਲੋ ਆਰ. ਡੀ. ਐਕਸ, ਏ. ਕੇ.-56, 60 ਕਾਰਤੂਸ, ਇਕ ਰਿਮੋਟ ਕੰਟਰੋਲ ਅਤੇ ਇਕ ਵਾਕੀ-ਟਾਕੀ ਵਾਇਰਲੈੱਸ ਸੈੱਟ ਦੀ ਬਰਾਮਦਗੀ ਹੋਣ ਦਾ ਦਾਅਵਾ ਕੀਤਾ ਸੀ।

Babita

This news is Content Editor Babita