ਲੁਧਿਆਣਾ ਦੇ ਨੇੜਲੇ ਇਲਾਕਿਆਂ 'ਚ ਜ਼ੋਰਦਾਰ ਧਮਾਕਾ, ਚੱਕਰਾਂ 'ਚ ਪਈ ਪੁਲਸ

12/10/2019 11:46:40 AM

ਮਾਛੀਵਾੜਾ ਸਾਹਿਬ, ਸਾਹਨੇਵਾਲ (ਟੱਕਰ, ਜਗਰੂਪ) : ਸੋਮਵਾਰ ਸ਼ਾਮ ਕਰੀਬ 8.15 'ਤੇ ਮਾਛੀਵਾੜਾ ਤੋਂ 40 ਕਿਲੋਮੀਟਰ ਦੇ ਆਸ-ਪਾਸ ਖੇਤਰ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਇਹ ਧਮਾਕੇ ਦੀ ਗੂੰਜ ਮਾਛੀਵਾੜਾ, ਸਮਰਾਲਾ, ਸਾਹਨੇਵਾਲ, ਦੋਰਾਹਾ, ਕੁਹਾੜਾ, ਕੂੰਮਕਲਾਂ, ਮੇਹਰਬਾਨ ਅਤੇ ਬੇਟ ਖੇਤਰ ਦੇ ਕਈ ਪਿੰਡਾਂ 'ਚ ਸੁਣਾਈ ਦਿੱਤੀ, ਲੋਕਾਂ ਨੂੰ ਲੱਗਿਆ ਜਿਵੇਂ ਉਨ੍ਹਾਂ ਦੇ ਆਸ-ਪਾਸ ਕੋਈ ਬਹੁਤ ਵੱਡਾ ਹਾਦਸਾ ਵਾਪਰਿਆ ਹੋਵੇ।
ਲੋਕਾਂ ਵਲੋਂ ਪੁਲਸ ਥਾਣਿਆਂ ਵਿਚ ਵੀ ਇਸ ਧਮਾਕੇ ਬਾਰੇ ਪਤਾ ਕੀਤਾ ਤਾਂ ਪੁਲਸ ਅਧਿਕਾਰੀਆਂ ਵਿਚ ਵੀ ਹੜਕੰਪ ਮਚ ਗਿਆ। ਸਾਰੇ ਥਾਣਿਆਂ ਦੀ ਪੁਲਸ ਆਪਣੇ ਆਸ-ਪਾਸ ਦੀਆਂ ਫੈਕਟਰੀਆਂ ਦੀ ਜਾਂਚ ਕਰਨ ਲੱਗੀ ਕਿ ਕਿਤੇ ਮਿੱਲ ਦਾ ਬੁਆਇਲਰ ਨਾ ਫਟਿਆ ਹੋਵੇ ਪਰ ਸਾਰੇ ਥਾਵਾਂ 'ਤੇ ਜਾਂਚ ਕਰਨ ਉਪਰੰਤ ਪੁਲਸ ਨੂੰ ਅਜਿਹਾ ਕੁੱਝ ਵੀ ਨਾ ਮਿਲਿਆ। ਦੇਰ ਰਾਤ ਤੱਕ ਲੋਕ ਇਕ ਦੂਜੇ ਨੂੰ ਫੋਨਾਂ ਰਾਹੀਂ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਕਰਦੇ ਰਹੇ ਪਰ ਅਫ਼ਵਾਹਾਂ ਤੋਂ ਇਲਾਵਾ ਕੁੱਝ ਵੀ ਸਾਹਮਣੇ ਨਾ ਆਇਆ। ਪੁਲਸ ਵੀ ਦੇਰ ਰਾਤ 12 ਵਜੇ ਤੱਕ ਧਮਾਕੇ ਦੀ ਜਾਂਚ ਕਰਦੀ ਰਹੀ ਪਰ ਉਨ੍ਹਾਂ ਪੱਲੇ ਵੀ ਕੁੱਝ ਨਾ ਪਿਆ। ਮੰਗਲਵਾਰ ਸਵੇਰ ਤੋਂ ਫਿਰ ਲੋਕਾਂ ਵਿਚ ਇਸ ਗੱਲ ਦੀ ਉਤਸੁਕਤਾ ਬਣੀ ਹੋਈ ਸੀ ਕਿ ਇੰਨਾ ਜ਼ੋਰਦਾਰ ਧਮਾਕਾ ਜਿਸ ਨੇ ਘਰਾਂ ਦੇ ਦਰਵਾਜ਼ੇ, ਖਿੜਕੀਆਂ ਤੱਕ ਕੰਬਾਅ ਦਿੱਤੇ ਪਰ ਕਾਰਨ ਕੁੱਝ ਵੀ ਨਹੀਂ ਨਿਕਲਿਆ ਜਿਸ ਕਾਰਨ ਲੋਕ ਅਜੇ ਵੀ ਖੌਫ਼ ਵਿਚ ਸਨ।

ਮੌਸਮ ਵਿਭਾਗ ਕੋਲ ਵੀ ਧਮਾਕੇ ਸਬੰਧੀ ਕੋਈ ਜਾਣਕਾਰੀ ਨਹੀਂ
ਇਸ ਸਬੰਧੀ ਜਦੋਂ ਇੰਡੀਅਨ ਮੈਟਰੋਲੋਜੀਕਲ ਵਿਭਾਗ ਚੰਡੀਗੜ੍ਹ 'ਚ ਗੱਲਬਾਤ ਕੀਤੀ ਗਈ ਤਾਂ ਉਥੇ ਤਾਇਨਾਤ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਸਾਡੇ ਕੋਲ ਇਸ ਧਮਾਕੇ ਦੀ ਕੋਈ ਜਾਣਕਾਰੀ ਨਹੀਂ। ਇਹ ਧਮਾਕਾ ਜ਼ਮੀਨ ਦੇ ਅੰਦਰ ਹੋਇਆ ਜਾਂ ਅਸਮਾਨ 'ਚ, ਇਸ ਬਾਰੇ ਵੀ ਉਨ੍ਹਾਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ। 

Gurminder Singh

This news is Content Editor Gurminder Singh