ਬਿੱਟੂ ਦੀ ਚਿਤਾਵਨੀ ਤੋਂ ਬਾਅਦ ਲੁਧਿਆਣਾ ਦੇ DC ਦੀ ਨਿੱਜੀ ਹਸਪਤਾਲਾਂ ਨੂੰ ਅਪੀਲ

08/06/2020 3:23:34 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਬੀਤੇ ਦਿਨੀਂ 300 ਤੋਂ ਵੱਧ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ ਅਤੇ ਲਗਾਤਾਰ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਨਿੱਜੀ ਹਸਪਤਾਲ ਲਗਾਤਾਰ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਕਤਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਬੀਤੇ ਦਿਨੀਂ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਲੁਧਿਆਣਾ 'ਚ ਜੋਗਿੰਦਰ ਨਾਂ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਕਿਉਂਕਿ ਚਾਰ ਹਸਪਤਾਲ ਘੁੰਮਣ ਦੇ ਬਾਵਜੂਦ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ।

ਇਥੋਂ ਤੱਕ ਕਿ ਬਿੱਟੂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੂੰ ਸਖਤ ਲਹਿਜ਼ੇ 'ਚ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਅਪੀਲ ਕਰਦੇ ਹੀ ਦਿਖਾਈ ਦਿੱਤੇ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਕਿਹਾ ਕਿ ਜਦੋਂ ਉਹ ਆਪਣੇ ਕਿੱਤੇ 'ਚ ਆਏ ਸਨ ਤਾਂ ਉਨ੍ਹਾਂ ਨੇ ਲੋਕਾਂ ਦੀ ਸੇਵਾ ਦੀ ਸਹੁੰ ਖਾਧੀ ਸੀ ਪਰ ਹੁਣ ਉਸ ਸਹੁੰ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ, ਇਸ ਕਰਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਨਿੱਜੀ ਹਸਪਤਾਲਾਂ ਦੇ ਡਾਕਟਰ ਕੋਰੋਨਾ ਮਰੀਜ਼ ਤੋਂ ਨਾ ਕਤਰਾਉਣ, ਸਗੋਂ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਦੇਣ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ।
 

Babita

This news is Content Editor Babita