ਛੱਤੀਸਗੜ੍ਹ 'ਚ ਸ਼ਹੀਦ ਹੋਇਆ ਪੰਜਾਬ ਦਾ ਜਵਾਨ 'ਦਲਜੀਤ ਸਿੰਘ' (ਵੀਡੀਓ)

12/04/2019 8:23:42 PM

ਮੁੱਲਾਂਪੁਰ ਦਾਖਾ,(ਕਾਲੀਆ): ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਆਈ. ਟੀ. ਬੀ. ਪੀ. ਦੇ ਜਵਾਨਾਂ 'ਚ ਹੋਏ ਵਿਵਾਦ ਦੌਰਾਨ ਹੋਈ ਫਾਇਰਿੰਗ 'ਚ ਪੰਜਾਬ ਦਾ ਜਵਾਨ ਦਲਜੀਤ ਸਿੰਘ ਸ਼ਹੀਦ ਹੋ ਗਿਆ, ਜੋ ਕਿ ਆਈ. ਟੀ. ਬੀ. ਪੀ. ਦਾ ਹੀ ਜਵਾਨ ਸੀ। ਜਾਣਕਾਰੀ ਮੁਤਾਬਕ ਨਾਰਾਇਣਪੁਰ ਜ਼ਿਲੇ ਦੇ ਕਡੇਨਾਰ ਕੈਂਪ 'ਚ ਆਈ. ਟੀ. ਬੀ. ਪੀ ਦੇ ਜਵਾਨਾਂ 'ਚ ਆਪਸੀ ਵਿਵਾਦ ਪੈਦਾ ਹੋ ਗਿਆ, ਜਿਸ ਦੌਰਾਨ ਗੋਲੀਆਂ ਚੱਲਣ ਕਾਰਨ ਚਾਰ ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਹਸਪਤਾਲ 'ਚ ਰੈਫਰ ਕੀਤਾ ਗਿਆ। ਸ਼ਹੀਦ ਹੋਏ ਜਵਾਨਾਂ 'ਚ ਲੁਧਿਆਣਾ ਦੇ ਦਾਖਾ ਅਧੀਨ ਪੈਂਦੇ ਪਿੰਡ ਜਾਂਗਪੁਰ ਦਾ ਦਲਜੀਤ ਸਿੰਘ ਵੀ ਸ਼ਾਮਲ ਹੈ।
ਮ੍ਰਿਤਕ ਦਲਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਤੇ ਬੇਟਾ-ਬੇਟੀ ਪਿੱਛੇ ਛੱਡ ਗਿਆ ਹੈ। ਮ੍ਰਿਤਕ ਜਵਾਨ ਦੀ ਲਾਸ਼ ਪਰਸੋਂ ਤੱਕ ਪਿੰਡ ਪਹੁੰਚਣ ਦੀ ਸੰਭਾਵਨਾ ਹੈ। ਦਲਜੀਤ ਦੀ ਮੌਤ ਦੀ ਮੰਦਭਾਗੀ ਖਬਰ ਮਿਲਦਿਆਂ ਹੀ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ। ਦੁੱਖੀ ਪਰਿਵਾਰ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕੈਪਟਨ ਸੰਦੀਪ ਸੰਧੂ, ਪ੍ਰਧਾਨ ਤੇਲੂ ਰਾਮ ਬਾਂਸਲ, ਸਰਪੰਚ ਅਮਰਜੀਤ ਸਿੰਘ ਜਾਂਗਪੁਰ ਤੋਂ ਇਲਾਵਾ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।