ਪੁਲਸ ਨੇ ਸਤਲੁਜ ਦਰਿਆ 'ਚ ਵਹਾਈ 8.64 ਲੱਖ ਲਿਟਰ ਲਾਹਣ

08/09/2020 6:39:54 PM

ਲੁਧਿਆਣਾ— ਜ਼ਿਲ੍ਹਾ ਲੁਧਿਆਣਾ 'ਚ ਪੁਲਸ ਵੱਲੋਂ ਸਤਲੁਜ ਦਰਿਆ 'ਚ 8.64 ਲੱਖ ਲਿਟਰ ਲਾਹਣ ਵਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਜਾਗਰ ਹੋਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਤਲੁਜ ਦਰਿਆ 'ਚੋਂ ਨਮੂਨੇ ਲਏ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਕਾਮਿਆਂ ਖ਼ਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਾਰਵਾਈ ਕਰਨ ਦੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਪੁਲਸ ਨੇ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਮੱਦੇਨਜ਼ਰ 'ਆਪਰੇਸ਼ਨ ਰੈੱਡ ਰੋਜ਼' ਦੇ ਤਹਿਤ ਗੈਰ-ਕਾਨੂੰਨੀ ਸ਼ਰਾਬ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਸੀ। ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਾਝੇ 'ਚ 121 ਤੋਂ ਵਧੇਰੇ ਮੌਤਾਂ ਹੋਈਆਂ ਸਨ। ਮਿਲੀ ਜਾਣਕਾਰੀ ਮੁਤਾਬਕ ਸਤਲੁਜ ਦਰਿਆ ਨੇੜੇ ਸਥਿਤ ਰਾਜਪੁਰਾ ਅਤੇ ਭੋਲੇਵਾਲ ਜਦੀਦ ਪਿੰਡਾਂ ਤੋਂ ਭਾਰੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਗਈ ਸੀ। ਇਸ ਲਾਹਣ ਨੂੰ ਪਾਣੀ ਜਾਂ ਨਦੀ ਦੇ ਕੰਢੇ ਲੁਕੋ ਕੇ ਪਾਲੀਥਿਨ ਦੀਆਂ ਟਿਊਬਾਂ 'ਚ ਰੱਖਿਆ ਗਿਆ ਸੀ। ਪੁਲਸ ਨੇ ਇਸ ਲਾਹਣ ਨੂੰ ਨਸ਼ਟ ਕਰਨ ਦੀ ਬਜਾਏ ਨਦੀ 'ਚ ਵਹਾਅ ਦਿੱਤਾ।

ਇਥੇ ਦੱਸਣਯੋਗ ਹੈ ਕਿ ਪੁਲਸ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਨਦੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਸਗੋਂ ਸ਼ਰਾਬ ਨੂੰ ਨਦੀ 'ਚ ਵਹਾਅ ਦਿੱਤਾ। ਇੰਨਾ ਹੀ ਨਹੀਂ ਸਗੋਂ ਪੁਲਸ ਇਸ ਦੀ ਇਕ ਵੀਡੀਓਗ੍ਰਾਫੀ ਵੀ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਉਜਾਗਰ ਹੋਇਆ।  

ਇਸ ਮਾਮਲੇ 'ਚ ਪੀ. ਪੀ. ਸੀ. ਬੀ. ਦੇ ਚੀਫ ਇੰਜੀਨੀਅਰ ਗੁਲਸ਼ਨ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਵੱਲੋਂ ਲਾਹਣ ਨੂੰ ਸਤਲੁਜ ਨਦੀ 'ਚ ਵਹਾਇਆ ਗਿਆ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਤਲੁਜ ਦਰਿਆ 'ਚ ਵਹਾਈ ਗਈ ਲਾਹਣ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਲਈ ਵੀ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਸ ਤੋਂ ਪਹਿਲਾਂ ਵੀ ਨਦੀ ਦੇ ਕੰਢੇ ਮਰੇ ਹੋਏ ਪਸ਼ੂਆਂ ਦੇ ਬਚੇ ਸਰੀਰ ਨੂੰ ਪਾਣੀ 'ਚ ਸੁੱਟਣ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਲਈ 2.28 ਕਰੋੜ ਦਾ ਜੁਰਮਾਨਾ ਲਗਾਇਆ ਸੀ।

shivani attri

This news is Content Editor shivani attri