'ਲੁਧਿਆਣਾ ਸਿਟੀ ਸੈਂਟਰ ਘੋਟਾਲੇ' ਦੀ ਫਾਈਲ ਗੁੰਮ, ਵਿਭਾਗ ਨੂੰ ਪਈਆਂ ਭਾਜੜਾਂ

07/19/2019 9:35:40 AM

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ 'ਚੋਂ 'ਲੁਧਿਆਣਾ ਸਿਟੀ ਸੈਂਟਰ ਘੋਟਾਲੇ' ਨਾਲ ਸਬੰਧਿਤ ਫਾਈਲਾਂ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਕੁਝ ਹੋਰ ਮਹੱਤਵਪੂਰਨ ਫਾਈਲਾਂ ਗੁੰਮ ਹਨ। ਇਨ੍ਹਾਂ ਫਾਈਲਾਂ ਨੂੰ ਲੱਭਣ ਲਈ ਵਿਭਾਗ ਨੇ ਪੂਰੀ ਵਾਹ ਲਾਈ ਹੋਈ ਹੈ। ਸਿਟੀ ਸੈਂਟਰ ਘੋਟਾਲੇ ਨਾਲ ਸਬੰਧਿਤ ਕੇਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਜੁੜਦਾ ਹੈ ਅਤੇ ਇਹ ਕੇਸ ਲੁਧਿਆਣਾ ਦੀ ਅਦਾਲਤ 'ਚ ਚੱਲ ਰਿਹਾ ਹੈ। 
ਪੰਜਾਬ ਵਿਜੀਲੈਂਸ ਬਿਓਰੋ ਪਹਿਲਾਂ ਹੀ 1144 ਕਰੋੜ ਰੁਪਏ ਦੇ ਕਥਿਤ ਲੁਧਿਆਣਾ ਸਿਟੀ ਸੈਂਟਰ ਘੋਟਾਲੇ 'ਚ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇ ਚੁੱਕਾ ਹੈ ਤੇ ਇਸ ਕੇਸ ਨੂੰ ਬੰਦ ਕਰਾਉਣ ਦੀ ਤਿਆਰੀ 'ਚ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਿਹੜੀਆਂ 5 ਫਾਈਲਾਂ ਗੁੰਮ ਹਨ, ਇਨ੍ਹਾਂ 'ਚ ਈਸ਼ਰ ਨਗਰ ਲੁਧਿਆਣਾ ਦੀ ਖੇਤੀਬਾੜੀ ਜ਼ਮੀਨ 'ਚ ਨਾਜਾਇਜ਼ ਉਸਾਰੀਆਂ ਨਾਲ ਸਬੰਧਿਤ ਫਾਈਲ, ਨਗਰ ਪਾਲਿਕਾਵਾਂ ਦੇ ਅਧਿਕਾਰ ਖੇਤਰ 'ਚੋਂ ਮਨੋਰੰਜਨ ਟੈਕਸ ਨਾਲ ਸਬੰਧਿਤ ਫਾਈਲ, ਨਗਰ ਪੰਚਾਇਤ ਮਹਿਰਾਜ ਬਠਿੰਡਾ 'ਚ ਨਵੇਂ ਕਰਾਏ ਜਾਣ ਵਾਲੇ ਵਿਕਾਸ ਕੰਮਾਂ ਨਾਲ ਸਬੰਧਿਤ ਫਾਈਲ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਬਦਲੇ ਜਾਣ ਪਿੱਛੋਂ ਚਾਰਜ ਛੱਡਣ ਸਮੇਂ ਅਹਿਮ ਫਾਈਲਾਂ ਵਿਭਾਗ ਨੂੰ ਵਾਪਸ ਦੇ ਦਿੱਤੀਆਂ ਸਨ ਪਰ ਲੁਧਿਆਣਾ ਸਿਟੀ ਸੈਂਟਰ ਘਾਟੋਲੇ ਨਾਲ ਸਬੰਧਿਤ ਅਤੇ ਕੁਝ ਹੋਰ ਫਾਈਲਾਂ ਨਹੀਂ ਮਿਲ ਰਹੀਆਂ। ਜੇਕਰ ਇਹ ਫਾਈਲਾਂ ਨਹੀਂ ਮਿਲਦੀਆਂ ਤਾਂ ਇਨ੍ਹਾਂ ਫਾਈਲਾਂ ਨੂੰ ਮੁੜ ਤਿਆਰ ਕਰਨਾ ਪਵੇਗਾ ਪਰ ਵਿਭਾਗ ਗੁੰਮ  ਫਾਈਲਾਂ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਨੇ ਇਨ੍ਹਾਂ ਫਾਈਲਾਂ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇਣ ਲਈ ਸੂਚੀ ਤਿਆਰ ਕਰ ਲਈ ਹੈ।

ਫਾਈਲਾਂ ਨਾ ਮਿਲਣ ਕਰਕੇ ਇਕ ਸੀਨੀਅਰ ਅਧਿਕਾਰੀ ਨੂੰ ਸਿੱਧੂ ਨਾਲ ਸੰਪਰਕ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਜਿਹੜੀਆਂ ਫਾਈਲਾਂ ਮਿਲ ਨਹੀਂ ਰਹੀਆਂ, ਉਹ ਸਿੱਧੂ ਕੋਲ ਹਨ ਜਾਂ ਨਹੀਂ ਪਰ ਸਿੱਧੂ ਨਾਲ 6 ਜੂਨ ਤੋਂ ਬਾਅਦ ਕਿਸੇ ਦਾ ਕੋਈ ਤਾਲਮੇਲ ਨਹੀਂ ਹੈ। ਉਨ੍ਹਾਂ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਵੀ ਟਵਿੱਟਰ 'ਤੇ ਹੀ ਦਿੱਤੀ ਸੀ। ਇਸ ਬਾਰੇ ਵਿਭਾਗ ਦੇ ਨਵੇਂ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਭਾਗ ਕੋਲੋਂ ਫਾਈਲਾਂ ਦੀ ਸੂਚੀ ਮੰਗੀ ਹੈ ਤੇ ਸੂਚੀ ਮਿਲਣ ਤੋਂ ਬਾਅਦ ਹੀ ਗੁੰਮ ਫਾਈਲਾਂ ਬਾਰੇ ਕੁਝ ਕਹਿਣ ਦੀ ਸਥਿਤੀ 'ਚ ਹੋਣਗੇ।

Babita

This news is Content Editor Babita