ਲੁਧਿਆਣਾ ਸੈਂਟਰਲ ਜੇਲ ਵੀ ਅਣਛੋਹੀ ਨਹੀਂ ਰਹੀ ਗੈਂਗਸਟਰ ਸਰਗਰਮੀਆਂ ਤੋਂ

02/05/2018 7:06:57 AM

ਲੁਧਿਆਣਾ, (ਸਿਆਲ)- ਜੇਕਰ ਸਾਲ 2017 'ਤੇ ਹੀ ਨਜ਼ਰ ਦੌੜਾਈ ਜਾਵੇ ਤਾਂ ਤਾਜਪੁਰ ਰੋਡ ਪੈਂਦੀ ਸੈਂਟਰਲ ਜੇਲ 'ਚ ਗੈਂਗਸਟਰਾਂ ਦੀਆਂ ਅਜਿਹੀਆਂ ਸਰਗਰਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਜੇਲ ਪ੍ਰਸ਼ਾਸਨ ਹੀ ਨਹੀਂ, ਸਗੋਂ ਜੇਲ ਵਿਭਾਗ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਮੌਜੂਦਾ ਸਮੇਂ 'ਚ ਜੇਲ 'ਚ 21 ਗੈਂਗਸਟਰ ਬੰਦ ਹਨ। ਜ਼ਿਕਰਯੋਗ ਹੈ ਕਿ ਨਾਭਾ ਜੇਲ ਬਰੇਕ ਕਾਂਡ ਦੇ ਬਾਅਦ ਹੀ ਲੁਧਿਆਣਾ ਦੀ ਸੈਂਟਰਲ ਜੇਲ 'ਚ ਗੈਂਗਸਟਰ ਸਰਗਰਮੀਆਂ ਵਧਣ ਲੱਗੀਆਂ ਹਨ।
ਬੰਦੇ ਨੂੰ ਨੰਗਾ ਕਰ ਕੇ ਕੁੱਟਣ ਦੀ ਘਟਨਾ ਆਈ ਸਾਹਮਣੇ
6 ਮਾਰਚ 2017 'ਚ ਸੈਂਟਰਲ ਜੇਲ ਵਿਚ ਗੈਂਗਸਟਰਾਂ ਨੇ ਇਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਨੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਕਰਦੇ ਹੋਏ ਜੇਲ ਵਿਚ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਵੀਡੀਓ ਬਣਾ ਲਈ, ਜਿਸ ਨੂੰ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਗਿਆ। ਜਦੋਂ ਕਾਰਵਾਈ ਹੋਈ ਤਾਂ ਸਾਹਮਣੇ ਆਇਆ ਕਿ ਗੈਂਗਸਟਰਾਂ ਨੇ ਆਪਣੇ ਬੌਸ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਕੀਤਾ। 
ਗੈਂਗਸਟਰ ਗਰੁੱਪਾਂ ਦੀ ਆਪਸ 'ਚ ਹੋਈ ਲੜਾਈ
ਇਸੇ ਤਰ੍ਹਾਂ 15 ਅਪ੍ਰੈਲ 2017 ਨੂੰ 70-ਸੈੱਲ ਵਿਚ ਬੰਦ ਗੈਂਗਸਟਰ ਕਿਸਮ ਦੇ ਕੈਦੀਆਂ ਦੇ ਦੋ ਗਰੁੱਪ ਆਪਸ ਵਿਚ ਉਲਝ ਗਏ, ਜਿਨ੍ਹਾਂ ਵਿਚ ਕੁੱਟ-ਮਾਰ ਹੋਈ। ਦੱਸਿਆ ਗਿਆ ਕਿ ਦੋਨੋਂ ਗਰੁੱਪ ਇਕ-ਦੂਸਰੇ ਤੋਂ ਉੱਪਰ ਆਪਣੀ ਧਾਕ ਜਮਾਈ ਰੱਖਣ ਲਈ ਝਗੜਾ ਕਰਦੇ ਸਨ। ਇਸ ਦੇ ਬਾਅਦ ਇਨ੍ਹਾਂ ਕੈਦੀਆਂ ਨੂੰ ਵੱਖ-ਵੱਖ ਸੈੱਲਾਂ ਵਿਚ ਸਖਤ ਸੁਰੱਖਿਆ ਦਰਮਿਆਨ ਰੱਖਿਆ ਗਿਆ। ਇਹ ਘਟਨਾ ਵੀ ਅਖ਼ਬਾਰਾਂ ਦੀ ਖੂਬ ਸੁਰਖੀਆਂ ਬਣੀ ਸੀ।
9 ਮਈ ਨੂੰ ਕੈਦੀਆਂ ਨੇ ਫੇਸਬੁੱਕ 'ਤੇ ਪਾਈ ਸੀ ਸੈਲਫੀ
ਉਥੇ 9 ਮਈ 2017 ਨੂੰ ਸੈਂਟਰਲ ਜੇਲ ਵਿਚ 2 ਕੈਦੀ ਤੇ 1 ਹਵਾਲਾਤੀ ਵਲੋਂ ਮੋਬਾਇਲ ਤੋਂ ਸੈਲਫੀ ਲੈ ਕੇ ਫੇਸਬੁੱਕ ਤੇ ਅਪਲੋਡ ਕਰਨ ਦੀ ਘਟਨਾ ਨਾਲ ਹਫੜਾ-ਦਫੜੀ ਮਚ ਗਈ ਸੀ। ਇਸ ਤੋਂ ਬਾਅਦ ਉਕਤ ਦੋਨੋਂ ਕੈਦੀਆਂ ਤੇ ਬਾਹਰੀ ਗੈਂਗਸਟਰਾਂ ਨਾਲ ਸੰਪਰਕ ਹੋਣ ਦੀ ਚਰਚਾ ਵੀ ਸਾਹਮਣੇ ਆਈ ਸੀ।