ਲੁਧਿਆਣਾ : ਐਸਿਡ ਅਟੈਕ ਮਗਰੋਂ ਦੋਸ਼ੀ ਨੇ ਫੋਨ ਕਰਕੇ ਦਿੱਤੀ ਇਹ ਧਮਕੀ

11/17/2018 3:42:55 AM

ਲੁਧਿਆਣਾ, (ਮਹੇਸ਼)— ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਈ 25 ਸਾਲਾ ਲਡ਼ਕੀ ਦੇ  ਮੋਬਾਇਲ ‘ਤੇ ਧਮਕੀ ਭਰਿਆ ਫੋਨ ਆਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਚੰਗੀ ਤਰ੍ਹਾਂ  ਸੋਚ-ਵਿਚਾਰ ਕੇ ਤੈਅ ਕਰ ਲੈਣ  ਕਿ ਵਿਆਹ ਕਿੱਥੇ ਕਰਨਾ ਹੈ। ਇਹ ਕਾਲ ਪੀਡ਼ਤਾ ਦੇ ਪਿਤਾ ਨੇ  ਰਿਸੀਵ ਕੀਤੀ। ਕਾਲ ਕਰਨ ਵਾਲੇ ਨੇ ਸ਼ਾਮ ਨੂੰ ਫਿਰ ਕਾਲ ਕਰਨ ਦੀ ਗੱਲ ਕਹੀ ਹੈ।
ਪੀਡ਼ਤਾ ਦਾ  ਇਸ ਸਮੇਂ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। 4 ਦਿਨ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਸੀ। ਕੱਲ ਰਾਤ ਉਸ ‘ਤੇ ਨਕਾਬਪੋਸ਼ ਨੇ ਤੇਜ਼ਾਬ ਪਾ ਦਿੱਤਾ ਸੀ, ਜਿਸ ਤੋਂ ਬਾਅਦ ਘਰ ਵਿਚ  ਖੁਸ਼ੀ ਦਾ ਮਾਹੌਲ ਮਾਤਮ ‘ਚ ਬਦਲ ਗਿਆ ਸੀ। ਦੂਜੇ ਪਾਸੇ ਪੁਲਸ ਨੇ ਕੁਝ ਨੌਜਵਾਨਾਂ ਨੂੰ  ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲਡ਼ਕੀ ਦੇ  ਪਿਤਾ ਨੂੰ ਸ਼ੱਕ ਹੈ ਕਿ ਇਸ ਐਸਿਡ ਹਮਲੇ ਪਿੱਛੇ ਉਸ ਦੇ ਇਕ ਮਿੱਤਰ ਦੇ ਬੇਟੇ ਦਾ ਹੱਥ ਹੈ,  ਜੋ ਉਸ ਦੀ ਬੇਟੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਲਡ਼ਕੀ ਨੇ ਉਸ ਨੂੰ ਸਖਤ ਲਫਜ਼ਾਂ ਵਿਚ  ਮਨ੍ਹਾ ਕਰ ਦਿੱਤਾ ਸੀ।

 
ਇਸ ਦੇ ਬਾਵਜੂਦ ਉਹ ਫੋਨ ‘ਤੇ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ  ਅਤੇ ਉਸ ਦਾ ਪਿੱਛਾ ਕਰਨ ਦਾ ਯਤਨ ਕਰਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਤੋਂ ਗਲਤੀ ਹੋ ਗਈ,  ਉਸ ਨੂੰ ਉਸੇ ਸਮੇਂ ਸਖਤ ਐਕਸ਼ਨ ਲੈਣਾ ਚਾਹੀਦਾ ਸੀ। ਉਸ ਨੂੰ ਇਹ ਵੀ ਸ਼ੱਕ ਹੈ ਕਿ ਇਹ  ਘਿਨੌਣੀ ਹਰਕਤ ਉਸ ਨੇ ਕਿਸੇ ਤੋਂ ਕਰਵਾਈ ਹੈ। ਉਸ ਨੇ ਦੱਸਿਆ ਕਿ ਉਹ ਦੋਬਾਰਾ ਕਾਲ ਦੀ  ਉਡੀਕ ਕਰ ਰਿਹਾ ਹੈ, ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਲੋਕਲ ਨੰਬਰ ਹੈ। ਵਧੀਕ ਡੀ.  ਸੀ. ਪੀ.-4 ਰਾਜਬੀਰ ਸਿੰਘ ਬੋਪਾਰਾਏ ਤੇ ਸਹਾਇਕ ਸੀ. ਪੀ. ਪਵਨਜੀਤ ਚੌਧਰੀ ਨੇ ਖੁਦ ਘਟਨਾ  ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਇਲਾਕੇ ਦੇ ਲੋਕਾਂ ਤੇ ਪੀਡ਼ਤਾ ਦੇ ਪਿਤਾ ਤੋਂ ਜਾਣਕਾਰੀ  ਲਈ। ਬੋਪਾਰਾਏ ਨੇ ਦੱਸਿਆ ਕਿ ਕੇਸ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਪੀਡ਼ਤ  ਲਡ਼ਕੀ ਅਜੇ ਤੱਕ ਗਹਿਰੇ ਸਦਮੇ ਵਿਚ ਹੈ। ਉਸ ਦੇ ਬਿਆਨ ਅਜੇ ਦਰਜ ਨਹੀਂ ਹੋ ਸਕੇ। ਕੁਝ  ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦ ਹੀ ਕੇਸ ਨੂੰ ਸੁਲਝਾ ਲਿਆ ਜਾਵੇਗਾ।