ਲੁਧਿਆਣਾ ਜ਼ਿਲ੍ਹੇ 'ਚ 116 ਲੋਕ ਕੋਰੋਨਾ ਪਾਜ਼ੇਟਿਵ, ਇਕ ਮਰੀਜ਼ ਦੀ ਹੋਈ ਮੌਤ

07/24/2020 11:32:59 PM

ਲੁਧਿਆਣਾ,(ਸਹਿਗਲ/ਨਰਿੰਦਰ) : ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਅਤੇ ਹਰ ਰੋਜ਼ ਸੈਂਕੜੇ ਤੋਂ ਉਪਰ ਹੀ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਵੀ ਲੁਧਿਆਣਾ ਜ਼ਿਲ੍ਹੇ 'ਚ 116 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਇਨ੍ਹਾਂ ਵਿਚ 105 ਜ਼ਿਲਾ ਲੁਧਿਆਣਾ ਤੇ 11 ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਹਨ, ਜਦਕਿ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉਕਤ 62 ਸਾਲਾਂ ਮਰੀਜ਼ ਘੁਮਾਰ ਮੰਡੀ ਦਾ ਰਹਿਣ ਵਾਲਾ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ। ਹੁਣ ਤੱਕ ਜ਼ਿਲੇ ਵਿਚ 2275 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 52 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਅੱਜ ਸਾਹਮਣੇ ਆਏ ਮਰੀਜ਼ਾਂ ਵਿਚ 5 ਹੈਲਥ ਕੇਅਰ ਵਰਕਰ ਹਨ ਜਿਨ੍ਹਾ ਵਿਚ ਦੋ ਪੀ.ਏ.ਯੂ. ਕੈਂਪਸ ਵਿਚ ਰਹਿਣ ਵਾਲੀਆਂ 40 ਅਤੇ 42 ਸਾਲ ਦੀਆਂ ਔਰਤਾਂ ਹਨ, ਜਦਕਿ ਕ੍ਰਿਸਚਿਅਨ ਡੈਂਟਲ ਕਾਲਜ ਦੀ 37 ਸਾਲਾਂ ਮੁਲਾਜ਼ਮ ਔਰਤ, ਈਸਾ ਨਗਰੀ ਦਾ ਰਹਿਣ ਵਾਲਾ 36 ਸਾਲਾਂ ਵਿਅਕਤੀ ਅਤੇ ਸ਼ੇਖਾਪੁਰ ਮਾਨ ਦਾ ਰਹਿਣ ਵਾਲਾ 23 ਸਾਲਾਂ ਹੈਲਥ ਕੇਅਰ ਵਰਕਰ ਸ਼ਾਮਲ ਹਲ। ਇਸ ਤੋਂ ਇਲਾਵਾ 4 ਪੁਲਸ ਮੁਲਾਜ਼ਮਾਂ ਜਿਨ੍ਹਾਂ ਵਿਚੋਂ 30 ਸਾਲਾਂ ਵਿਅਕਤੀ ਮਾਡਲ ਗ੍ਰਾਮ ਐਕਸਟੈਂਸ਼ਨ, 45 ਸਾਲਾਂ ਮਰੀਜ਼ ਭਾਈ ਰਣਧੀਰ ਸਿੰਘ ਨਗਰ, 38 ਸਾਲਾਂ ਪੁਲਸ ਮੁਲਾਜ਼ਮ ਪ੍ਰਤਾਪ ਸਿੰਘ ਵਾਲਾ ਅਤੇ 24 ਸਾਲਾਂ ਮੁਲਾਜ਼ਮ ਦੁਰਗਾਪੁਰੀ, ਹੈਬੋਵਾਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹੋਰਨਾਂ ਜ਼ਿਲਿਆਂ ਜਾਂ ਰਾਜਾਂ ਤੋਂ ਸਾਹਮਣੇ ਆਏ 11 ਮਰੀਜ਼ਾਂ ਵਿਚੋਂ ਦੋ ਬਰਨਾਲਾ, ਇਕ ਹੋਸ਼ਿਆਰਪੁਰ, 2 ਫਤਹਿਗੜ੍ਹ ਸਾਹਿਬ, 2 ਮੋਗਾ, 1 ਪਠਾਨਕੋਟ, 1 ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), 1 ਫਿਰੋਜ਼ਪੁਰ ਅਤੇ 1 ਬਿਹਾਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਮੌਜੂਦਾ ਸਮੇਂ ਵਿਚ ਸਿਹਤ ਵਿਭਾਗ ਨੇ ਜ਼ਿਲੇ ਵਿਚ 707 ਮਰੀਜ਼ ਅਜੇ ਐਕਟਿਵ ਦੱਸੇ ਹਨ।

55,505 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ
ਸਿਵਲ ਸਰਜ਼ਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਹੁਣ ਤੱਕ ਕੁਲ 55,505 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 54,056 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਜਿਨ੍ਹਾਂ ਵਿਚੋਂ 51,424 ਨੈਗੇਟਿਵ ਆਏ ਹਨ, 2275 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। 357 ਮਰੀਜ਼ ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ।

1449 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਸਿਹਤ ਅਧਿਕਾਰੀ ਦੇ ਮੁਤਾਬਕ 1449 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ, ਜਿਨ੍ਹਾਂ ਦੇ ਨਤੀਜੇ ਜਲਦ ਮਿਲ ਜਾਣ ਦੀ ਸੰਭਾਵਨਾ ਹੈ।ਫਰੀਦਕੋਟ ਮੈਡੀਕਲ ਕਾਲਜ ਤੋਂ ਕਈ-ਕਈ ਦਿਨ ਨਹੀਂ ਆਉਂਦੀ ਸੈਂਪਲਾਂ ਦੀ ਰਿਪੋਰਟ।ਫਰੀਦਕੋਟ ਭੇਜੇ ਜਾਣ ਵਾਲੇ ਕੋਰੋਨਾ ਵਾਇਰਸ ਦੇ ਸੈਂਪਲਾਂ ਦੀ ਰਿਪੋਰਟ ਆਉਣ ਵਿਚ ਕਈ ਦਿਨ ਲਗ ਰਹੇ ਹਨ ਜਿਸ ਕਾਰਨ ਮਰੀਜ਼ ਦੁਚਿੱਤੀ ਵਿਚ ਬੈਠਾ ਰਹਿੰਦਾ ਹੈ ਪਰਉਸ ਨੂੰ ਰਿਪੋਰਟ ਨਹੀਂ ਮਿਲਦੀ। ਕਈ ਮਰੀਜ਼ ਅਜਿਹੇ ਹਲਾਤ ਵਿਚ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਹਨ। ਜਦੋਂ ਸਿਹਤ ਵਿਭਾਗ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਰਿਪੋਰਟਾਂ ਨੂੰ ਪੈਂਡਿੰਗ ਦੱਸਦੇ ਹਨ। ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਰੀਦਕੋਟ ਭੇਜੇ ਜਾਣ ਵਿਚ ਸੈਂਪਲ ਦੀ ਰਿਪੋਰਟ ਸਬੰਧੀ ਸਿਹਤ ਅਧਿਕਾਰੀ ਵੀ ਪ੍ਰੇਸ਼ਾਨ ਰਹਿੰਦੇ ਹਨ ਕਿ ਉਹ ਲੋਕਾਂ ਨੂੰ ਕੀ ਜਵਾਬ ਦੇਣ।

312 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 19,620 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਦੇ ਤਹਿਤ ਰੱਖਿਆ ਗਿਆ ਹੈ ਅਤੇ ਮੌਜੂਦਾ ਸਮੇਂ ਵਿਚ ਅਜਿਹੇ ਵਿਅਕਤੀਆਂ ਦੀ ਗਿਣਤੀ 3336 ਹੈ। ਅੱਜ 312 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਲਈ ਭੇਜਿਆ ਗਿਆ ਸੀ।

1124 ਸੈਂਪਲ ਜਾਂਚ ਲਈ ਭੇਜੇ
ਉਨ੍ਹਾਂ ਕਿਹਾ ਕਿ ਅੱਜ ਸ਼ੱਕੀ ਮਰੀਜ਼ਾਂ ਦੇ 1124 ਨਮੂਨੇ ਜਾਂਚ ਲਈ ਭੇਜੇ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਆਉਣ ਦੀ ਉਮੀਦ ਹੈ।ਦੂਜੇ ਪਾਸੇ ਡੀ.ਸੀ ਵਰਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਘਰ ਦੇ ਅੰਦਰ ਰਹਿਣਗੇ ਤਾਂ ਉਹ ਨਾ ਸਿਰਫ ਖੁਦ ਸੁਰੱਖਿਅਤ ਰਹਿਣਗੇ, ਸਗੋਂ ਸਾਰਿਆਂ ਨੂੰ ਸੁਰੱਖਿਅਤ ਰੱਖਣ ਵਿਚ ਵੀ ਯੋਗਦਾਨ ਦੇ ਸਕਣਗੇ।

Deepak Kumar

This news is Content Editor Deepak Kumar