320 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ

04/20/2019 4:30:38 AM

ਲੁਧਿਆਣਾ (ਧਮੀਜਾ)-ਰਾਮਗਡ਼੍ਹੀਆ ਗਰਲਜ਼ ਕਾਲਜ, ਮਿਲਰਗੰਜ, ਲੁਧਿਆਣਾ ਵਿਖੇ 2017-18 ਦੇ ਸੈਸ਼ਨ ’ਚ ਇਮਤਿਹਾਨ ਪਾਸ ਕਰ ਕੇ ਗਈਆਂ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ ਤੇ 2018-19 ਦੇ ਸੈਸ਼ਨ ’ਚ ਵੱਖ-ਵੱਖ ਖੇਤਰਾਂ ’ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ। ਡਾ. ਬੀ. ਐੱਸ. ਘੁੰਮਣ, ਵਾਈਸ ਚਾਂਸਲਰ, ਪੰਜਾਬੀ ਯੂਨਿਵਰਸਿਟੀ ਪਟਿਆਲਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਹਰਮੀਤ ਕੌਰ, ਡਾ. ਨਰਿੰਦਰ ਕੌਰ ਸੰਧੂ ਤੇ ਪ੍ਰੋ. ਮਨਜੀਤ ਕੌਰ ਸੇਠੀ, ਪ੍ਰੋ. ਮਨਮੋਹਨ ਕੌਰ ਸੱਗੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਰਾਮਗਡ਼੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਤੇ ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਵਲੋਂ ਬੀ. ਏ. ਤੇ ਐੱਮ. ਏ. ਦੀਆਂ ਕੁਲ 320 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ। ਵਿੱਦਿਅਕ, ਖੇਡ ਤੇ ਹੋਰ ਸਰਗਰਮੀਆਂ ’ਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਰੋਲ ਆਫ ਆਨਰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ 220 ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਪ੍ਰੋ. ਘੁੰਮਣ ਨੇ ਡਿਗਰੀਆਂ ਤੇ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜੋ ਗਿਆਨ ਇਸ ਕਾਲਜ ’ਚੋਂ ਪ੍ਰਾਪਤ ਕੀਤਾ ਹੈ, ਉਸ ਨੂੰ ਦੇਸ਼ ਤੇ ਮਨੁੱਖਤਾ ਦੀ ਭਲਾਈ ਲਈ ਵਰਤਣ। ਪ੍ਰਿੰ. ਇੰਦਰਜੀਤ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪਡ਼੍ਹੀ ਤੇ ਕਾਲਜ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਕਾਲਜ ਨੇ ਹਮੇਸ਼ਾ ਕਦਰਾਂ-ਕੀਮਤਾਂ ਭਰਪੂਰ ਸਿੱਖਿਆ ’ਤੇ ਜ਼ੋਰ ਦਿੱਤਾ ਹੈ। ਰਾਮਗਡ਼੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਵਿਦਿਆਰਥਣਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀ ਸਖਤ ਮਿਹਨਤ, ਦ੍ਰਿਡ਼੍ਹ ਲਗਨ ਤੇ ਜਨੂੰਨ ਨਾਲ ਜ਼ਿੰਦਗੀ ਦੀਆਂ ਉਚੇਰੀਆਂ ਬੁਲੰਦੀਆਂ ਨੂੰ ਛੁੂਹਿਆ ਹੈ। ਇਸ ਮੌਕੇ ਪ੍ਰਿੰ. ਡਾ. ਮਨਜੀਤ ਕੌਰ ਘੁੰਮਣ, ਪ੍ਰਿੰ. ਡਾ. ਮੁਕਤੀ ਗਿੱਲ, ਪ੍ਰਿੰ. ਡਾ. ਕਿਰਨਦੀਪ ਕੌਰ, ਪ੍ਰਿੰ. ਡਾ. ਕੁਲਦੀਪ ਸਿੰਘ, ਪ੍ਰੋ. ਹਰਪ੍ਰੀਤ ਦੂਆ, ਡਾ. ਨਿਰਮਲ ਜੌਡ਼ਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਗੁਰਚਰਨ ਸਿੰਘ ਲੋਟੇ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਜਸਪਾਲ ਕੌਰ ਨੇ ਕੀਤਾ।