ਲਾਟਰੀ ਮਾਫੀਆ ਪਿੰਡਾਂ ’ਚ ਸਰਗਰਮ

Tuesday, Mar 26, 2019 - 04:50 AM (IST)

ਲੁਧਿਆਣਾ (ਰਵੀ)-ਇਸ ਮਹਿੰਗਾਈ ਦੇ ਦੌਰ ’ਚ ਇਨਸਾਨ ਆਪਣਾ ਪੇਟ ਭਰਨ ਲਈ ਈਮਾਨਦਾਰੀ ਨਾਲ ਮਿਹਨਤ ਕਰਦਾ ਹੈ ਪਰ ਇਨ੍ਹਾਂ ਲੋਕਾਂ ਨੂੰ ਲੁੱਟਣ ਲਈ ਰਸਤੇ ਵਿਚ ਲਾਟਰੀ ਮਾਫੀਆ ਵਲੋਂ ਠੱਗ ਰੂਪੀ ਲਾਟਰੀ ਸਟਾਲ ਖੋਲ੍ਹੇ ਗਏ ਹਨ ਜੋ ਆਮ ਲੋਕਾਂ ਨੂੰ ਸ਼ਰੇਆਮ ਲੁੱਟਦੇ ਹਨ। ਦੇਖਣ ਵਿਚ ਆਇਆ ਹੈ ਪੁਲਸ ਥਾਣਾ ਸਲੇਮ ਟਾਬਰੀ ਲੁਧਿਆਣਾ ਅਧੀਨ ਆਉਂਦੇ ਪਿੰਡ ਭੱਟੀਆਂ ਬੇਟ, ਚਿੱਟੀ ਕਾਲੋਨੀ, ਨਿਸ਼ਾਤ ਬਾਗ ਕਾਲੋਨੀ, ਅਮਲਤਾਸ ਵਿਚ ਅੱਧੀ ਦਰਜਨ ਦੇ ਲਗਭਗ ਲਾਟਰੀ ਮਾਫੀਆ ਵਲੋਂ ਲਾਟਰੀ ਸਟਾਲ ਖੋਲ੍ਹੇ ਗਏ ਹਨ ਜਿੱਥੇ ਸ਼ਰੇਆਮ ਸਰਕਾਰੀ ਲਾਟਰੀ ਦੀ ਆਡ਼ ਵਿਚ ਰੋਜ਼ਾਨਾ ਲੱਖਾਂ ਦਾ ਦਡ਼ਾ-ਸੱਟਾ ਲਗਦਾ ਹੈ, ਜਿਸ ਕਾਰਨ ਆਮ ਲੋਕ ਇਨ੍ਹਾਂ ਲਾਟਰੀ ਸਟਾਲਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਇਹ ਲਾਟਰੀ ਸਟਾਲ ਜ਼ਿਆਦਾਤਰ ਚਿਕਨ ਕਾਰਨਰ ਅਤੇ ਸ਼ਰਾਬ ਦੇ ਠੇਕਿਆਂ ਨਜ਼ਦੀਕ ਖੋਲ੍ਹੇ ਗਏ ਹਨ ਜਿੱਥੇ ਹਰ ਰੋਜ਼ ਲਡ਼ਾਈ ਝਗਡ਼ਾ ਹੁੰਦਾ ਰਹਿੰਦਾ ਹੈ ਅਤੇ ਧੀਆਂ ਭੈਣਾਂ ਦਾ ਇੱਥੋਂ ਲੰਘਣਾ ਦੁਸ਼ਵਾਰ ਹੋਇਆ ਪਿਆ ਹੈ। ਜਾਣਕਾਰੀ ਅਨੁਸਾਰ ਲਾਟਰੀ ਮਾਫੀਆ ਪਹਿਲਾਂ ਸ਼ਹਿਰਾਂ ਤੱਕ ਹੀ ਸੀਮਤ ਸੀ ਪਰ ਹਾਲਾਤ ਨੂੰ ਦੇਖਦੇ ਹੋਏ ਪਿੰਡਾਂ ਦੇ ਅਮਨ ਨੂੰ ਖਰਾਬ ਕਰਨ ਲਈ ਪਿੰਡਾਂ ਵਿਚ ਵੀ ਲਾਟਰੀ ਸਟਾਲ ਖੋਲ੍ਹੇ ਗਏ ਹਨ। ਲੋਕਾਂ ਦਾ ਕਹਿਣਾ ਹੈ ਪਿੰਡਾਂ ਦੇ ਲੋਕ ਬਡ਼ੀ ਮੁਸ਼ਕਲ ਨਾਲ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ ਪਰ ਰਸਤੇ ਵਿਚ ਲਾਟਰੀ ਸਟਾਲਾਂ ’ਤੇ ਠੱਗੇ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਇਹ ਸਭ ਪੁਲਸ ਦੀ ਮਿਲੀਭੁਗਤ ਨਾਲ ਚਲਦਾ ਹੈ ਜੇਕਰ ਇਹ ਲਾਟਰੀ ਸਟਾਲ ਪ੍ਰਸ਼ਾਸਨ ਵਲੋਂ ਬੰਦ ਨਾ ਕਰਵਾਏ ਗਏ ਤਾਂ ਪਿੰਡਾਂ ਦੇ ਲੋਕ ਸੰਘਰਸ਼ ਦਾ ਰਸਤਾ ਅਪਨਾਉਣਗੇ। ਲਾਟਰੀ ਸਟਾਲਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ : ਏ.ਡੀ.ਸੀ. ਲੁਧਿਆਣਾ-1 ਦੇ ਏ. ਡੀ. ਸੀ. ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਇਨ੍ਹਾਂ ਗੈਰਕਾਨੂੰਨੀ ਢੰਗ ਨਾਲ ਖੋਲ੍ਹੇ ਗਏ ਲਾਟਰੀ ਸਟਾਲਾਂ ’ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ’ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਫੋਟੋ

Related News