ਕਾਂਗਰਸੀ ਸਰਪੰਚ ਲੋਕ ਇਨਸਾਫ ਪਾਰਟੀ ’ਚ ਹੋਇਆ ਸ਼ਾਮਲ

01/24/2019 10:07:01 AM

ਲੁਧਿਆਣਾ (ਪਾਲੀ)-ਲੋਕ ਇਨਸਾਫ ਪਾਰਟੀ ’ਚ ਆਏ ਦਿਨ ਕਾਂਗਰਸ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਅਨੇਕਾਂ ਹੋਰਨਾਂ ਰਾਜਨੀਤਕ ਪਾਰਟੀਆਂ ਦੇ ਆਗੂ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅਨੇਕਾਂ ਆਗੂ ਹੋਰ ਸ਼ਾਮਲ ਹੋਣਗੇ। ਇਹ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਉਸ ਸਮੇਂ ਕੀਤਾ, ਜਦੋਂ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਸਰਪੰਚ ਬਚਿੱਤਰ ਸਿੰਘ ਢਿੱਲੋਂ ਨੇ ਕਾਂਗਰਸ ਛੱਡ ਕੇ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਰਪੰਚ ਬਚਿੱਤਰ ਸਿੰਘ ਢਿੱਲੋਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਵਿਧਾਇਕ ਬੈਂਸ ਨੇ ਦੱਸਿਆ ਕਿ ਬਚਿੱਤਰ ਸਿੰਘ ਢਿੱਲੋਂ ਡਿਸਟ੍ਰਿਕਟ ਕਬੱਡੀ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਅਤੇ ਕਬੱਡੀ ਐਸੋਸੀਏਸ਼ਨ ਦੇ ਸਾਬਕਾ ਕਪਤਾਨ ਵੀ ਹਨ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਚਿੱਤਰ ਸਿੰਘ ਢਿੱਲੋਂ ਨੂੰ ਤਰਨਤਾਰਨ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਅਤੇ ਕਿਹਾ ਕਿ ਨਿਸ਼ਕਾਮ ਭਾਵਨਾ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਲੋਕ ਇਨਸਾਫ ਪਾਰਟੀ ਵਿਚ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਅਮਰੀਕ ਸਿੰਘ ਵਰਪਾਲ, ਪ੍ਰਕਾਸ਼ ਸਿੰਘ ਸੁਲਤਾਨਵਿੰਡ, ਜਗਜੋਤ ਸਿੰਘ ਖਾਲਸਾ, ਮਨਦੀਪ ਸਿੰਘ ਬੱਬੀ, ਰੱਖ ਸੇਰੋਂ ਮਨਜੋਤ ਸਿੰਘ ਪੰਨੂ, ਫੁਲਜੀਤ ਸਿੰਘ ਵਰਪਾਲ ਸਮੇਤ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਰੇਵਾਲ, ਜਤਿੰਦਰ ਪਾਲ ਸਿੰਘ ਸਲੂਜਾ, ਜਤਿੰਦਰ ਸਿੰਘ ਭੱਲਾ ਬਠਿੰਡਾ, ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਸਮੇਤ ਹੋਰ ਵੀ ਸ਼ਾਮਲ ਸਨ।