ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਕਾਸ ਕਾਰਜਾਂ ਲਈ ਟੈਂਡਰ ਲਾਉਣ ਦੀ ਜਲਦਬਾਜ਼ੀ ’ਚ ਫੇਲ ਹੋਇਆ ਕੋਟਾ ਸਿਸਟਮ

01/23/2019 10:16:45 AM

ਲੁਧਿਆਣਾ (ਹਿਤੇਸ਼)-ਨਗਰ ਨਿਗਮ ਵਲੋਂ 84 ਕਰੋਡ਼ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਉਣ ਲਈ ਜੋ ਟੈਂਡਰ ਲਾਏ ਗਏ ਹਨ, ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਲਾਭ ਪਹੁੰਚਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ ਪਰ ਇਸ ਲਈ ਹੋਈ ਜਲਦਬਾਜ਼ੀ ਵਿਚ ਵਿਕਾਸ ਕਾਰਜਾਂ ਲਈ ਵਾਰਡ ਵਾਈਜ਼ ਫਿਕਸ ਕੀਤੇ ਗਏ ਕੋਟਾ ਸਿਸਟਮ ਦੀ ਹਵਾ ਨਿਕਲ ਗਈ ਹੈ। ਨਗਰ ਨਿਗਮ ਵਿਚ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਵਲੋਂ ਆਮ ਤੌਰ ’ਤੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ’ਚ ਪੱਖਪਾਤ ਹੋਣ ਦਾ ਦੋਸ਼ ਲਾਇਆ ਜਾਂਦਾ ਹੈ। ਇਸ ਤੋਂ ਵੀ ਵਧ ਕੇ ਮੌਜੂਦਾ ਸੈਸ਼ਨ ਵਿਚ ਤਾਂ ਕਈ ਕਾਂਗਰਸੀ ਕੌਂਸਲਰਾਂ ਵਲੋਂ ਵੀ ਮੇਅਰ ਖਿਲਾਫ ਇਹ ਸ਼ਿਕਾਇਤ ਕੀਤੀ ਗਈ, ਜਿਸ ਦੇ ਮੱਦੇਨਜ਼ਰ ਵਿਕਾਸ ਕਾਰਜਾਂ ਲਈ ਵਾਰਡ ਵਾਈਜ਼ ਕੋਟਾ ਫਿਕਸ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਲਈ ਇਕ ਕਰੋਡ਼ ਤੇ ਬਾਹਰੀ ਵਾਰਡਾਂ ਲਈ ਡੇਢ ਕਰੋਡ਼ ਦੀ ਰਕਮ ਤੈਅ ਕੀਤੀ ਗਈ ਹੈ ਪਰ ਹਾਲ ਹੀ ਵਿਚ ਨਗਰ ਨਿਗਮ ਵਲੋਂ 84 ਕਰੋਡ਼ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਲਈ ਜੋ ਟੈਂਡਰ ਲਾਏ ਗਏ ਹਨ, ਉਸ ਵਿਚ ਕੋਟਾ ਸਿਸਟਮ ਫੇਲ ਹੋ ਗਿਆ ਹੈ ਕਿਉਂਕਿ ਇਨ੍ਹਾਂ ਟੈਂਡਰਾਂ ਵਿਚ ਉਨ੍ਹਾਂ ਵਾਰਡਾਂ ਦੇ ਕੰਮ ਵੀ ਸ਼ਾਮਲ ਕਰ ਦਿੱਤੇ ਗਏ ਹਨ, ਜਿਥੇ ਪਹਿਲਾਂ ਹੀ ਕੋਟੇ ਤੋਂ ਕਿਤੇ ਜ਼ਿਆਦਾ ਵਿਕਾਸ ਕਾਰਜ ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਫਿਰ ਚੱਲ ਰਹੇ ਹਨ। ਇਸ ਸਾਰੀ ਕਵਾਇਦ ਨੂੰ ਲੋਕ ਸਭਾ ਚੋਣਾਂ ਨਾਲ ਜੋਡ਼ ਦੇ ਦੇਖਿਆ ਜਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਵਿਧਾਇਕਾਂ ਤੇ ਕੌਂਸਲਰਾਂ ਵਲੋਂ ਵਿਕਾਸ ਕਾਰਜ ਠੱਪ ਰਹਿਣ ਨਾਲ ਕਾਂਗਰਸ ਨੂੰ ਨੁਕਸਾਨ ਹੋਣ ਦਾ ਡਰ ਦਿਖਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਦਬਾਅ ਵਿਚ ਮੇਅਰ ਨੇ ਆਪਣੇ ਹੀ ਬਣਾਏ ਗਏ ਕੋਟਾ ਸਿਸਟਮ ਦੀ ਅਣਦੇਖੀ ਕਰ ਦਿੱਤੀ ਹੈ।