ਮਾਮਲਾ ਸਹੁਰਿਆਂ ਘਰ ਚੋਰੀ ਕਰਨ ਦਾ

01/23/2019 10:16:18 AM

ਲੁਧਿਆਣਾ (ਭਾਖਡ਼ੀ)-ਆਪਣੇ ਆਸ਼ਕ ਨਾਲ ਮਿਲ ਕੇ ਪਤੀ ਦੇ ਘਰੋਂ 17 ਲੱਖ ਦੀ ਨਕਦੀ ਅਤੇ 25 ਤੋਲੇ ਸੋਨਾ ਚੋਰੀ ਕਰਨ ਵਾਲੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਨਾਂ ਕੋਲੋਂ ਸਾਢੇ 4 ਲੱਖ ਰੁਪਏ ਦੀ ਨਕਦੀ ਅਤੇ 20 ਤੋਲੇ ਸੋਨਾ ਬਰਾਮਦ ਹੋਇਆ ਹੈ। ਅੱਜ ਪ੍ਰੈੱਸ ਕਾਨਫਰੈਂਸ ਦੌਰਾਨ ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਅਤੇ ਥਾਣਾ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ 20 ਜਨਵਰੀ ਨੂੰ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਹੋਲਸੇਲ ਵਪਾਰੀ ਇੰਦਰਜੀਤ ਸ਼ਰਮਾ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਘਰ ’ਚ ਪਈ 17 ਲੱਖ ਰੁਪਏ ਦੀ ਨਕਦੀ ਅਤੇ 25 ਤੋਲੇ ਸੋਨਾ ਗਾਇਬ ਹੋ ਗਿਆ ਹੈ। ਥਾਣਾ ਇੰਚਾਰਜ ਨੇ ਜਦ ਗੁਆਂਢ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਮਾਮਲਾ ਕੋਈ ਹੋਰ ਹੀ ਨਿਕਲਿਆ। ਸ਼ਰਮਾ ਦੀ ਨਵੀਂ ਵਿਆਹੀ ਨੂੰਹ ਰਿੰਪਲ ਨੇ ਘਰੋਂ ਸੋਨਾ ਅਤੇ ਨਕਦੀ ਚੋਰੀ ਕਰ ਕੇ ਆਪਣੇ ਪ੍ਰ੍ਰੇਮੀ ਲਖਬੀਰ ਸਿੰਘ ਪੁੱਤਰ ਗੁਰਤੇਜ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ, ਨਾਲ ਫਰਾਰ ਹੋਣ ਦੀ ਸਾਜਿਸ਼ ਰਚੀ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਉਕਤ ਬਰਾਮਦਗੀ ਕੀਤੀ। ਲਖਬੀਰ ਨੇ ਦੱਸਿਆ ਕਿ ਬਾਕੀ ਦੇ ਰੁਪਏ ਅਤੇ ਸੋਨਾ ਆਪਣੇ ਕਰਜ਼ਦਾਰ ਨੂੰ ਦੇ ਦਿੱਤੇ। ਰਿੰਪਲ ਨੇ ਚਾਰ ਦਿਨਾਂ ਬਾਅਦ ਰਚਾਉਣਾ ਸੀ ਪ੍ਰੇਮੀ ਨਾਲ ਵਿਆਹਪ੍ਰੈੱਸ ਕਾਨਫਰੈਂਸ ’ਚ ਰਿੰਪਲ ਸ਼ਰਮਾ ਨੇ ਹਰ ਸਵਾਲ ਦਾ ਬੇਖੋਫ ਜਵਾਬ ਦਿੰਦੇ ਦੱਸਿਆ ਕਿ ਉਸਦੇ ਇਲਾਵਾ ਉਸਦੀਆਂ ਹੋਰ ਛੋਟੀਆਂ ਕੁਵਾਰੀਆਂ ਤਿੰਨ ਭੈਣਾਂ ਹਨ ਅਤੇ ਭਰਾ ਕੋਈ ਵੀ ਨਹੀਂ ਹੈ। ਦੋ ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਸੀ। ਉਸਨੇ ਦੱਸਿਆ ਕਿ 4 ਮਹੀਨੇ ਪਹਿਲਾਂ ਉਸਦਾ ਵਿਆਹ ਇੰਦਰਜੀਤ ਸ਼ਰਮਾ ਦੇ ਇਕਲੌਤੇ ਬੇਟੇ ਰਾਕੇਸ਼ ਸ਼ਰਮਾ ਨਾਲ ਹੋਇਆ ਸੀ ਪਰ ਉਸਦਾ ਪਤੀ ਕਥਿਤ ਸਿੱਧਾ ਹੈ। ਉਹ ਆਪਣੇ ਦਿਮਾਗ ਤੋਂ ਪਤਨੀ ਸਮਝਦਾ ਹੀ ਨਹੀਂ ਸੀ ਅਤੇ ਨਾ ਹੀ ਉਸ ਨਾਲ ਚੰਗਾ ਵਿਵਹਾਰ ਕਰਦਾ ਸੀ। ਜਿਸ ਕਾਰਨ ਉਹ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਪਣੇ ਫੇਸਬੁੱਕ ਦੇ ਜ਼ਰੀਏ ਪੁਰਾਣੇ ਪ੍ਰੇਮੀ ਲਖਬੀਰ ਦੇ ਸੰਪਰਕ ਵਿਚ ਆ ਗਈ। ਲਖਬੀਰ ਦੇ ਘਰ ਦੇ ਹਾਲਾਤ ਵੀ ਕੁਝ ਜ਼ਿਆਦਾ ਚੰਗੇ ਨਹੀਂ ਸਨ, ਜਿਸ ਕਾਰਨ ਉਸਨੇ ਉਕਤ ਨਕਦੀ ਅਤੇ ਗਹਿਣੇ ਚੋਰੀ ਕੀਤੇ ਅਤੇ ਪ੍ਰੇਮੀ ਨੂੰ ਫਡ਼ਾ ਦਿੱਤੇ। ਚਾਰ ਦਿਨਾਂ ਬਾਅਦ ਉਸਨੇ ਪ੍ਰੇਮੀ ਨਾਲ ਵਿਆਹ ਕਰਵਾ ਕੇ ਕਿਸੇ ਹੋਰ ਸ਼ਹਿਰ ਵਿਚ ਚੰਗੀ ਜ਼ਿੰਦਗੀ ਬਤੀਤ ਕਰਨੀ ਸੀ ਪਰ ਪੁਲਸ ਨੇ ਉਸਦੇ ਸਾਰੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਡੀ. ਐੱਸ. ਪੀ. ਚਾਹਲ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਇਨ੍ਹਾਂ ਤੋਂ ਅੱਗੇ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਲੋਕਾਂ ਨੂੰ ਵੀ ਫਡ਼ਿਆ ਜਾਵੇਗਾ, ਜਿਨ੍ਹਾਂ ਕੋਲ ਇਨ੍ਹਾਂ ਨੇ ਚੋਰੀ ਦੇ ਰੁਪਏ ਤੇ ਗਹਿਣੇ ਰੱਖੇ ਹਨ।