''ਸਿੱਧੂ ਉਪ ਮੁੱਖ ਮੰਤਰੀ ਬਣਨਗੇ'', ਅਕਾਲੀ ਲੈਣ ਲੱਗੇ ਕਨਸੋਆਂ

12/21/2019 10:09:10 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਉਪ ਮੁੱਖ ਮੰਤਰੀ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਦਾ ਜੋ ਨਾਂ ਵਿਧਾਇਕਾਂ, ਮੰਤਰੀਆਂ ਅਤੇ ਐੱਮ. ਪੀ. ਵੱਲੋਂ ਸਿੱਧੇ ਤੌਰ 'ਤੇ ਆਉਣਾ ਸ਼ੁਰੂ ਹੋ ਗਿਆ ਹੈ, ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਵੀ ਉਸ ਦਿਨ ਦੀ ਉਡੀਕ ਵਿਚ ਦਿਖਾਈ ਦੇ ਰਹੇ ਹਨ ਕਿ ਕਦੋਂ ਨਵਜੋਤ ਸਿੰਘ ਸਿੱਧੂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਹਨ ਕਿਉਂਕਿ ਵਰਕਰ ਪਿਛਲੇ 3 ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ।

ਸਿੱਧੂ ਨੂੰ ਭਾਵੇਂ ਅਜੇ ਉਪ ਮੁੱਖ ਮੰਤਰੀ ਬਣਾਉਣ ਲਈ ਵੱਡੇ ਕਾਂਗਰਸੀ ਨੇਤਾਵਾਂ ਨੇ ਹਾਂ-ਪੱਖੀ ਹੁੰਗਾਰਾ ਜਾਂ ਚਰਚਾ ਹੀ ਕੀਤੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਅਤੇ ਦੂਜੀ ਕਤਾਰ ਦੇ ਨੇਤਾ ਇਕ-ਦੂਜੇ ਤੋਂ ਕਨਸੋਆਂ ਲੈ ਰਹੇ ਹਨ ਕਿ ਕਦੋਂ ਸ. ਸਿੱਧੂ ਉਪ ਮੁੱਖ ਮੰਤਰੀ ਬਣਨ ਜਾ ਰਹੇ ਹਨ। ਅਕਾਲੀ ਨੇਤਾਵਾਂ ਵੱਲੋਂ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਦੀਆਂ ਲਈਆਂ ਜਾ ਰਹੀਆਂ ਕਨਸੋਆਂ 'ਤੇ ਹੁਣ ਇਹ ਚਰਚਾ ਹੈ ਕਿ ਅਕਾਲੀ ਦਲ ਵਿਚ ਬੈਠੇ ਕਈ ਨੇਤਾ ਹੀ ਚਾਹੁੰਦੇ ਹਨ ਕਿ ਤੇਜ਼-ਤਰਾਰ ਸ. ਸਿੱਧੂ ਚੁੱਪ ਤੋੜ ਕੇ ਸਰਗਰਮ ਸਿਆਸਤ ਵਿਚ ਆਉਣ। ਇਸ ਦਾ ਕਾਰਨ ਕੀ ਹੈ, ਇਸ ਸਬੰਧੀ ਉਹ ਸੱਜਣ ਹੀ ਦੱਸ ਸਕਦੇ ਹਨ।

ਪਰ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਅਜੇ ਤਾਂ ਸਿੱਧੂ ਦੇ ਨਾਂ ਦੀ ਚਰਚਾ ਹੀ ਹੋਈ ਹੈ। ਸੋਸ਼ਲ ਮੀਡੀਏ ਤੋਂ ਇਲਾਵਾ ਆਮ ਲੋਕਾਂ, ਕਾਂਗਰਸੀ ਨੇਤਾਵਾਂ, ਅਕਾਲੀ ਆਗੂਆਂ ਅਤੇ ਆਮ ਲੋਕਾਂ ਦੀ ਇਹ ਉਤਸੁਕਤਾ ਵਧ ਗਈ ਹੈ ਕਿ ਛੇਤੀ ਹੀ ਸਿੱਧੂ ਉਪ ਮੁੱਖ ਮੰਤਰੀ ਬਣਨ। ਇਕ ਪੁਰਾਣੇ ਸੀਨੀਅਰ ਕਾਂਗਰਸੀ ਨੇਤਾ ਨੇ ਸਿੱਧੂ ਦਾ ਨਾਂ ਉਪ ਮੁੱਖ ਮੰਤਰੀ ਵਜੋਂ ਸਾਹਮਣੇ ਆਉਣ ਵਾਲੀ ਖਬਰ 'ਤੇ ਕਿਹਾ ਕਿ ਕਦੇ-ਕਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਲੋਕ ਇਸੇ ਤਰ੍ਹਾਂ ਲੈਂਦੇ ਸਨ ਕਿ ਉਹ ਕੁਝ ਸਖਤ ਕਰਨ ਦੀ ਹਿੰਮਤ ਰੱਖਦੇ ਹਨ ਪਰ ਹੁਣ ਹਾਲਾਤ ਨੇ ਨਵਜੋਤ ਸਿੱਧੂ ਦੀ ਉਸ ਤਰ੍ਹਾਂ ਦੀ ਪੁਜ਼ੀਸ਼ਨ ਬਣਾ ਦਿੱਤੀ ਹੈ। ਦੇਖਦੇ ਹਾਂ ਕਿ ਜੇਕਰ ਸਿੱਧੂ ਉਪ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਕੀ ਫੈਸਲੇ ਲੈਂਦੇ ਹਨ।

cherry

This news is Content Editor cherry