ਲੌਂਗੋਵਾਲ ਤੀਜੀ ਵਾਰ ਬਣ ਸਕਦੇ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ!

11/21/2019 9:14:14 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 27 ਨਵੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਇਜਲਾਸ ਵਿਚ ਕਮੇਟੀ ਦਾ ਪ੍ਰਧਾਨ ਬਣਾਉਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੇ ਦਿੱਤੇ ਜਾਣ ਦੀ ਖਬਰ ਹੈ।

ਹੁਣ ਸਵਾਲ ਇਹ ਹੈ ਕਿ ਕੀ ਇਸ ਵਾਰ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਲਾਟਰੀ ਭਾਵ ਤੀਜੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਗੇ। ਇਸ ਸਬੰਧੀ ਭਾਵੇਂ ਲਗਭਗ ਸਾਰਾ ਮੀਡੀਆ ਅਤੇ ਸ਼੍ਰੋਮਣੀ ਕਮੇਟੀ ਵਿਚ ਵੀ ਚਰਚਾ ਹੈ ਕਿ ਲੌਂਗੋਵਾਲ ਦੇ ਸਿਰ ਸਜੇਗਾ ਤਾਜ ਕਿਉਂਕਿ ਉਸ ਨੇ ਰੱਖੀ ਹੈ ਬਾਦਲ ਦੀ 550 ਸਾਲਾ ਸ਼ਤਾਬਦੀ ਸਮਾਗਮ ਵਿਚ ਲਾਜ। ਅੱਜ-ਕੱਲ ਧਾਰਮਕ ਅਤੇ ਰਾਜਸੀ ਗਲਿਆਰਿਆਂ ਵਿਚ ਇਹ ਵੀ ਚਰਚਾ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਮਾਗ ਵਿਚ ਕੁਝ ਵੱਖਰਾ ਘੁੰਮ ਰਿਹਾ ਹੈ, ਜਿਸ ਦਾ ਪਤਾ 27 ਨਵੰਬਰ ਨੂੰ ਚੋਣਾਂ ਵਾਲੇ ਦਿਨ ਹੀ ਲੱਗੇਗਾ।

ਦਿਮਾਗ ਵਿਚ ਘੁੰਮਣ ਵਾਲੀ ਗੱਲ 'ਤੇ ਧਾਰਮਕ ਅਤੇ ਰਾਜਸੀ ਮਾਹਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਕਰਵਾਏ ਗਏ, ਸੁਲਤਾਨਪੁਰ ਲੋਧੀ ਵਿਖੇ 10 ਦਿਨ ਚੱਲੇ ਧਾਰਮਕ ਸਮਾਗਮਾਂ ਵਿਚ ਇਕ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ।

ਇੱਥੋਂ ਤੱਕ ਕਿ ਜਿਸ ਦਿਨ ਰਾਸ਼ਟਰਪਤੀ ਸ਼੍ਰੀ ਕੋਵਿੰਦ ਸਮਾਗਮ ਵਿਚ ਆਏ, ਉਸ ਦਿਨ ਵੱਡੇ ਪ੍ਰਬੰਧਕਾਂ ਨੇ ਸਟੇਜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਸੰਗਤਾਂ ਵਿਚ ਬਿਰਾਜਮਾਨ ਸਨ, ਉਨ੍ਹਾਂ ਦਾ ਨਾਂ ਲੈਣਾ ਵੀ ਉਚਿਤ ਨਹੀਂ ਸਮਝਿਆ। ਜਦੋਂਕਿ ਇਹ ਸਟੇਜ ਤਾਂ ਸ਼੍ਰੋਮਣੀ ਕਮੇਟੀ ਦੀ ਸੀ, ਇਸ ਸਟੇਜ ਤੋਂ ਨਾਂ ਤਾਂ ਲਿਆ ਜਾ ਸਕਦਾ ਸੀ। ਇਸ ਗੱਲ ਦੀ ਚਰਚਾ ਖੂਬ ਹੋਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਰ ਛੋਟੇ ਅਤੇ ਵੱਡੇ ਨੇਤਾਵਾਂ ਨੇ ਇਕ ਦੂਜੇ ਕੋਲ ਗੱਲਾਂ ਕਰ ਕੇ ਨਰਾਜ਼ਗੀ ਜ਼ਾਹਰ ਕੀਤੀ ਸੀ।

ਇਸ ਤਰ੍ਹਾਂ ਦੀਆਂ ਚਰਚਾਵਾਂ ਤੋਂ ਬਾਅਦ ਹੁਣ ਇਹ ਚਰਚਾ ਹੈ ਕਿ ਸੁਖਬੀਰ ਬਾਦਲ ਦੇ ਦਿਮਾਗ ਵਿਚ ਭਾਈ ਲੌਂਗੋਵਾਲ ਹੀ ਹਨ ਜਾਂ ਫਿਰ ਕੁਝ ਹੋਰ ਘੁੰਮ ਰਿਹਾ ਹੈ। ਚਾਰ-ਚੁਫੇਰੇ ਭਾਈ ਲੌਂਗੋਵਾਲ, ਭਾਈ ਲੌਂਗੋਵਾਲ ਜ਼ਰੂਰ ਹੋ ਰਹੀ ਹੈ।

cherry

This news is Content Editor cherry