ਪੰਜਾਬ ''ਚ ਅਕਾਲੀ ਦਲ ਤੀਜੇ ਫਰੰਟ ਤੋਂ ਡਰਿਆ

01/21/2019 9:05:38 AM

ਲੁਧਿਆਣਾ (ਜ. ਬ.) : ਪੰਜਾਬ 'ਚ 10 ਸਾਲ ਲਗਾਤਾਰ ਰਾਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਜੋ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿਰਸਾ ਸਾਧ ਦੀ ਮੁਆਫੀ ਵਰਗੇ ਮਾਮਲਿਆਂ 'ਚ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ, ਨੂੰ ਹਰ ਚੋਣ 'ਚ ਹਾਰ ਦਾ ਮੂੰਹ ਦਿਸ ਰਿਹਾ ਹੈ। ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪੰਜਾਬ 'ਚ ਖਹਿਰਾ, ਟਕਸਾਲੀਆਂ ਤੇ ਬੈਂਸ ਵਲੋਂ ਬਣਾਏ ਜਾ ਰਹੇ ਤੀਜੇ ਫਰੰਟ ਤੋਂ ਵੀ ਡਰ ਲੱਗਣ ਲੱਗ ਪਿਆ ਹੈ ਕਿਉਂਕਿ ਇਹ ਫਰੰਟ ਪੰਜਾਬ 'ਚ ਲੋਕ ਸਭਾ ਚੋਣਾਂ 'ਚ ਨਸ਼ਿਆਂ ਵਿਰੋਧੀ, ਬੇਅਦਬੀ ਕਾਂਡ ਤੇ ਸਿਰਸਾ ਸਾਧ ਨੂੰ ਮੁਆਫੀ ਕਿਸ ਦੇ ਇਸ਼ਾਰੇ 'ਤੇ ਹੋਈ ਵਰਗੇ ਵੱਡੇ ਮੁੱਦਿਆਂ 'ਤੇ ਅਕਾਲੀ ਦਲ ਨੂੰ ਘੇਰੇਗਾ। ਅਕਾਲੀ ਦਲ ਹੁਣ ਇਸ ਤੀਜੇ ਫਰੰਟ ਨੂੰ ਕਾਂਗਰਸ ਦੀ ਟੀਮ ਵੀ ਆਖਣ ਲੱਗ ਪਿਆ ਹੈ। 
ਇਸ ਮਾਮਲੇ 'ਤੇ ਰਾਜਸੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੀਜੇ ਫਰੰਟ ਨੂੰ ਸਮਾਜਕ, ਧਾਰਮਕ, ਗੁਰੂ ਘਰ ਨਾਲ ਜੁੜੇ ਲੋਕ ਤੇ ਸੰਤਾਂ-ਮਹਾਪੁਰਸ਼ਾਂ ਦਾ ਥਾਪੜਾ ਮਿਲ ਗਿਆ ਤਾਂ ਤੀਜੇ ਫਰੰਟ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਦੇਵੇਗਾ। ਅਕਾਲੀ ਦਲ ਦੇ ਭੈਅ ਨੂੰ ਦੇਖਦਿਆਂ ਇਕ ਟਕਸਾਲੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਨਮੁਖ ਹੋ ਕੇ ਮਰਿਆਦਾ ਅਨੁਸਾਰ ਅਕਾਲੀ ਭੁੱਲਾਂ ਨਹੀਂ ਬਖਸ਼ਾਉਂਦੇ ਉਦੋਂ ਤੱਕ ਇਹ ਧਾਰਮਕ ਮੁੱਦਾ ਜੋ ਅਕਾਲੀਆਂ ਦੇ ਗਲ ਪਿਆ ਹੈ, ਇਹ ਜਿਉਂ ਦਾ ਤਿਉਂ ਰਹੇਗਾ।  ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਨੂੰ ਅਕਾਲ ਤਖਤ ਤੋਂ ਸਜ਼ਾ ਲੱਗੀ ਸੀ ਤਾਂ ਉਸ ਨੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਤਿੰਨ ਦਿਨ ਗਲਤੀ ਵਾਲੀ ਤਖਤੀ ਗਲ 'ਚ ਪਾਈ ਸੀ।

Baljeet Kaur

This news is Content Editor Baljeet Kaur