ਪਟਿਆਲਾ ''ਚ ਕਤਲ ਕਰ ਕੇ ਪਹੁੰਚਿਆ ਲੁਧਿਆਣਾ, ਨਾਂ ਬਦਲ ਕੇ ਬਣ ਗਿਆ ਬਿਲਡਰ

11/18/2017 7:49:12 AM

ਲੁਧਿਆਣਾ, (ਰਿਸ਼ੀ)- ਪਟਿਆਲਾ 'ਚ ਇਕ ਧਾਰਮਿਕ ਸਥਾਨ 'ਤੇ ਗੱਦੀ 'ਤੇ ਬੈਠਣ ਨੂੰ ਲੈ ਕੇ ਹੋਏ ਵਿਵਾਦ 'ਚ 5 ਲੋਕਾਂ ਦਾ ਕਤਲ ਕਰਨ ਦੇ ਮਾਮਲੇ 'ਚ ਨਾਮਜ਼ਦ ਇਕ ਦੋਸ਼ੀ ਪਟਿਆਲਾ ਤੋਂ ਭੱਜ ਕੇ ਲੁਧਿਆਣਾ ਆ ਗਿਆ ਅਤੇ ਨਾਂ ਅਤੇ ਭੇਸ ਬਦਲ ਕੇ ਰਹਿਣ ਲੱਗ ਪਿਆ।
ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਬਿਲਡਰ ਬਣ ਗਿਆ, ਜਿਸ ਨੂੰ ਸੀ. ਆਈ. ਏ.-2 ਦੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਸ਼ਿਮਲਾਪੁਰੀ ਇਲਾਕੇ 'ਚੋਂ ਗ੍ਰਿਫਤਾਰ ਕਰ ਕੇ ਧਾਰਾ 174-ਏ ਤਹਿਤ ਥਾਣਾ ਸ਼ਿਮਲਾਪੁਰੀ 'ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਕ੍ਰਾਈਮ ਸਤਨਾਮ ਸਿੰਘ ਅਤੇ ਸੈੱਲ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਜਰਨੈਲ ਸਿੰਘ ਨਿਵਾਸੀ ਨਾਭਾ ਗੇਟ, ਪਟਿਆਲਾ ਦੇ ਰੂਪ ਵਿਚ ਹੋਈ ਹੈ, ਜੋ 10 ਸਾਲਾਂ ਤੋਂ ਨਿਊ ਸ਼ਿਮਲਾਪੁਰੀ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਪਤਨੀ ਅਤੇ ਬੱਚਿਆਂ ਨਾਲ ਰਹਿ ਰਿਹਾ ਸੀ। ਸਾਲ 2007 ਵਿਚ ਪਟਿਆਲਾ 'ਚ ਇਕ ਧਾਰਮਿਕ ਸਥਾਨ ਦੀ ਗੱਦੀ ਨੂੰ ਲੈ ਕੇ ਦੋ ਧਿਰਾਂ ਵਿਚ ਝਗੜਾ ਹੋਇਆ ਸੀ, ਜਿਸ 'ਚ ਤਲਵਾਰਾਂ ਅਤੇ ਗੋਲੀਆਂ ਚੱਲੀਆਂ ਸੀ। 
ਝਗੜੇ 'ਚ 4 ਲੋਕਾਂ ਦੀ ਮੌਕੇ 'ਤੇ ਅਤੇ 1 ਦੀ ਬਾਅਦ 'ਚ ਮੌਤ ਹੋ ਗਈ ਸੀ। ਪੁਲਸ ਨੇ 14 ਲੋਕਾਂ ਖਿਲਾਫ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ 9 ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ 5 ਫਰਾਰਾਂ 'ਚੋਂ ਇਕ ਹੋਰ ਦਬੋਚ ਲਿਆ।
ਨਵਾਂ ਨਾਂ ਰੱਖਿਆ ਕੁਲਵੰਤ ਸਿੰਘ
ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਾਤਲ ਨੇ ਦਾੜ੍ਹੀ ਮੁੱਛਾਂ ਵੱਡੀਆਂ ਰੱਖ ਲਈਆਂ ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ, ਇਸ ਦੇ ਨਾਲ ਖੁਦ ਦਾ ਨਾਂ ਜਰਨੈਲ ਸਿੰਘ ਤੋਂ ਕੁਲਵੰਤ ਸਿੰਘ ਰੱਖ ਲਿਆ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਨਵੇਂ ਨਾਂ 'ਤੇ ਇਸ ਨੇ ਕੋਈ ਦਸਤਾਵੇਜ਼ ਬਣਵਾਏ ਹੋਏ ਹਨ ਜਾਂ ਨਹੀਂ।

ਮਕਾਨ ਮਾਲਕਾਂ ਨੇ ਨਹੀਂ ਕਰਵਾਈ ਪੁਲਸ ਵੈਰੀਫਿਕੇਸ਼ਨ
ਜਿਸ ਘਰ 'ਚ ਕਾਤਲ ਕਿਰਾਏ 'ਤੇ ਰਹਿ ਰਿਹਾ ਸੀ, ਉਸ ਦੇ ਮਾਲਕ ਨੇ ਜਰਨੈਲ ਸਿੰਘ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ, ਜਿਸ ਗੱਲ ਦਾ ਜਰਨੈਲ ਸਿੰਘ ਨੇ ਫਾਇਦਾ ਉਠਾਇਆ।  ਹੁਣ ਦੇਖਣਾ ਇਹ ਹੈ। ਕਿ ਸੀ. ਪੀ. ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਮਕਾਨ ਮਾਲਕ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ?