ਪੰਜਾਬ 'ਚ ਲੱਕੀ ਡਰਾਅ ਸਕੀਮਾਂ ਪਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਜਾਰੀ ਕਰ ਦਿੱਤੇ ਇਹ ਹੁਕਮ

05/04/2023 1:21:08 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਲਾਟਰੀ ਸਿਸਟਮ ਦੀ ਆੜ 'ਚ ਲੱਕੀ ਡਰਾਅ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਸਕੀਮਾਂ ਨਾਲ 2 ਨੰਬਰ ਦੀ ਕਾਲੀ ਕਮਾਈ ਕਰਨ ਵਾਲਿਆਂ ਖ਼ਿਲਾਫ਼ ਡਾਇਰੈਟੋਰੇਟ ਆਫ਼ ਲਾਟਰੀ ਵਿਭਾਗ ਨੇ ਪੁਲਸ ਨੂੰ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਪੰਜਾਬ 'ਚ ਕਈ ਅਜਿਹੀਆਂ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਚੱਲਦੀਆਂ ਹਨ, ਜਿਨ੍ਹਾਂ 'ਚ 100 ਤੋਂ ਲੈ ਕੇ 500 ਰੁਪਏ ਤੱਕ ਪ੍ਰਤੀ ਕੂਪਨ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਵੇਚਿਆ ਜਾਂਦਾ ਹੈ ਅਤੇ ਲੱਖਾਂ ਰੁਪਏ ਇਕੱਠੇ ਕਰ ਲਏ ਜਾਂਦੇ ਹਨ। ਇਸ ਲੱਕੀ ਡਰਾਅ ਕੂਪਨ 'ਚ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਸਿਰਫ 100 ਰੁਪਏ 'ਚ ਬੁਲੇਟ ਮੋਟਰਸਾਈਕਲ ਜਾਂ 500 ਰੁਪਏ 'ਚ ਲਗਜ਼ਰੀ ਕਾਰ, ਇੱਥੋਂ ਤੱਕ ਪੇਂਡੂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਟਰੈਕਟਰ ਤੱਕ ਸਕੀਮ 'ਚ ਸ਼ਾਮਲ ਕੀਤਾ ਜਾਂਦਾ ਹੈ। ਹੋਰ ਤਾਂ ਹੋਰ ਇਸ ਲੱਕੀ ਡਰਾਅ ਕੂਪਨ 'ਚ ਲੋਕਾਂ ਨੂੰ ਮਹਿੰਗੇ ਮੋਬਾਇਲ, ਐੱਲ. ਈ. ਡੀ. ਤੇ ਹੋਰ ਇਲੈਕਟ੍ਰੋਨਿਕ ਸਮਾਨ ਦਾ ਲਾਲਚ ਵੀ ਦਿੱਤਾ ਜਾਂਦਾ ਹੈ। ਇਸ ਕਾਰਨ ਇਹ ਸਕੀਮਾਂ ਚਲਾਉਣ ਵਾਲਿਆਂ ਦੇ ਹਜ਼ਾਰਾਂ ਕੂਪਨ ਵਿਕ ਜਾਂਦੇ ਹਨ, ਜਿਸ ਤੋਂ ਲੱਖਾਂ ਰੁਪਏ ਇਕੱਠੇ ਕਰ ਲਏ ਜਾਂਦੇ ਹਨ। ਇਹ ਸਕੀਮ ਚਲਾਉਣ ਵਾਲੇ ਕੂਪਨ ਵੇਚ ਕੇ ਜੇਕਰ 40 ਲੱਖ ਰੁਪਏ ਇਕੱਠੇ ਕਰਦੇ ਹਨ ਤਾਂ ਸਿਰਫ 20 ਲੱਖ ਰੁਪਏ ਦੇ ਇਨਾਮ ਕੱਢੇ ਜਾਂਦੇ ਹਨ, ਜਦਕਿ ਬਾਕੀ ਦੇ 20 ਲੱਖ ਰੁਪਏ ਸਕੀਮ ਚਲਾਉਣ ਵਾਲੇ ਮਾਸਟਰ ਮਾਈਂਡ ਦੀ ਜੇਬ 'ਚ ਜਾਂਦਾ ਹੈ। ਇਸ 'ਤੇ ਨਾ ਕੋਈ ਟੈਕਸ ਅਤੇ ਨਾ ਹੀ ਪੰਜਾਬ ਸਰਕਾਰ ਤੋਂ ਕੋਈ ਪ੍ਰਵਾਨਗੀ ਲਈ ਜਾਂਦੀ ਹੈ।

ਇਹ ਵੀ ਪੜ੍ਹੋ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ, ਪੁੱਜਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ (ਵੀਡੀਓ)

ਸੋਸ਼ਲ ਮੀਡੀਆ ’ਤੇ ਲੱਕੀ ਡਰਾਅ ਸਕੀਮਾਂ ਦਾ ਖੂਬ ਹੋ ਰਿਹਾ ਪ੍ਰਚਾਰ

ਲੱਕੀ ਡਰਾਅ ਸਕੀਮਾਂ ਰਾਹੀਂ ਲਗਜ਼ਰੀ ਕਾਰਾਂ ਅਤੇ ਵੱਡੇ-ਵੱਡੇ ਇਨਾਮ ਦੇਣ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੇ ਇਹ ਸਕੀਮਾਂ ਦੇਣ ਵਾਲੇ ਵਿਅਕਤੀ ਸੋਸ਼ਲ ਮੀਡੀਆ ਦਾ ਖੂਬ ਸਹਾਰਾ ਲੈ ਕੇ ਆਪਣੇ ਕੂਪਨ ਵੇਚ ਰਹੇ ਹਨ। ਇੱਥੋਂ ਤੱਕ ਪੰਜਾਬ ਦੇ ਕਈ ਨਾਮੀ ਸੋਸ਼ਲ ਮੀਡੀਆ ਪ੍ਰਮੋਟਰ, ਜਿਨ੍ਹਾਂ ਦੇ ਪੇਜ਼ ਨਾਲ ਲੱਖਾਂ ਦੀ ਗਿਣਤੀ ’ਚ ਲੋਕ ਜੁੜੇ ਹੋਏ ਹਨ, ਉਹ ਇਹ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਦਾ ਪ੍ਰਚਾਰ ਕਰਦੇ ਹਨ ਅਤੇ ਲੱਖਾਂ ਰੁਪਏ ਫ਼ੀਸ ਵਜੋਂ ਵਸੂਲਦੇ ਹਨ। ਇਹ ਲਾਟਰੀ ਤੇ ਕੂਪਨ ਵੇਚਣ ਵਾਲਾ ਗੈਰ-ਕਾਨੂੰਨੀ ਧੰਦਾ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਪ੍ਰਫੁਲਿੱਤ ਹੁੰਦਾ ਜਾ ਰਿਹਾ ਹੈ ਪਰ ਸੂਬੇ ਦੀਆਂ ਸਰਕਾਰਾਂ, ਪ੍ਰਸ਼ਾਸਨ ਤੇ ਪੁਲਸ ਵਿਭਾਗ ਮੂਕ ਦਰਸ਼ਕ ਬਣ ਕੇ ਇਹ ਸਭ ਕੁੱਝ ਦੇਖ ਰਿਹਾ ਹੈ। ਹੋਰ ਤਾਂ ਹੋਰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਹੀ ਇਹ ਲੱਕੀ ਡਰਾਅ ਦੇ ਇਨਾਮ ਕੱਢੇ ਜਾਂਦੇ ਹਨ ਪਰ ਅਜੇ ਤੱਕ ਕਿਸੇ ਵੀ ਵਿਭਾਗ ਨੇ ਇਸ ਸਬੰਧੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਖੁੱਲ੍ਹੇਆਮ ਚੱਲ ਰਹੇ ਇਸ ਗੈਰ-ਕਾਨੂੰਨੀ ਲਾਟਰੀ ਤੇ ਲੱਕੀ ਡਰਾਅ ਸਿਸਟਮ ਨੂੰ ਪੁਲਸ ਤੇ ਪ੍ਰਸ਼ਾਸਨ ਨੱਥ ਪਾਵੇਗਾ ਜਾਂ ਨਹੀਂ ਇਸ ਤਾਂ ਆਉਣ ਵਾਲੇ ਦਿਨਾਂ ’ਚ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ : ਪੇਪਰ ਦੇਣ ਆਈ ਵਿਦਿਆਰਥਣ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਕਾਲਜ 'ਚ ਪੈ ਗਿਆ ਚੀਕ-ਚਿਹਾੜਾ

ਸ਼ਿਕਾਇਤ ਤੋਂ ਬਾਅਦ ਡਾਇਰੈਟੋਰੇਟ ਲਾਟਰੀ ਵਿਭਾਗ ਹਰਕਤ ’ਚ ਆਇਆ
ਪੰਜਾਬ 'ਚ ਇਹ ਗੈਰ-ਕਾਨੂੰਨੀ ਲੱਕੀ ਡਰਾਅ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਨ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਪਰ ਇਹ ਸਾਰੀਆਂ ਲੱਕੀ ਡਰਾਅ ਯੋਜਨਾਵਾਂ ਗੈਰ-ਕਾਨੂੰਨੀ ਹਨ। ਇਸ ਦਾ ਖ਼ੁਲਾਸਾ ਮਾਛੀਵਾੜਾ ਇਲਾਕੇ ਦੇ ਨਿਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਹੋਇਆ। ਸੁਖਵਿੰਦਰ ਸਿੰਘ ਵਲੋਂ ਡਾਇਰੈਟੋਰੇਟ ਲਾਟਰੀ ਵਿਭਾਗ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਗਈ ਕਿ ਪੰਜਾਬ 'ਚ ਜੋ ਲੱਕੀ ਡਰਾਅ ਸਕੀਮਾਂ ਚੱਲ ਰਹੀਆਂ ਹਨ ਉਹ ਕਾਨੂੰਨੀ ਜਾਂ ਗੈਰ-ਕਾਨੂੰਨੀ। ਇਸ ਤੋਂ ਬਾਅਦ ਸਬੰਧਿਤ ਵਿਭਾਗ ਨੇ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਕਿ ਜੋ ਇਹ ਲੱਕੀ ਡਰਾਅ ਸਕੀਮਾਂ ਚੱਲ ਰਹੀਆਂ ਹਨ, ਉਹ ਗੈਰ-ਕਾਨੂੰਨੀ ਹਨ, ਜੋ ਕਿ ਲਾਟਰੀ ਰੈਗੂਲੇਸ਼ਨ ਐਕਟ-1998 ਅਤੇ 2010 ਅਨੁਸਾਰ ਇਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਬਣਦੀ ਹੈ। ਵਿਭਾਗ ਨੇ ਪੱਤਰ ਵਿਚ ਸਾਫ਼ ਲਿਖਿਆ ਕਿ ਲਾਟਰੀ ਰੈਗੂਲੇਸ਼ਨ ਐਕਟ-1998 ਦੀ ਧਾਰਾ 4 ਅਨੁਸਾਰ ਲਾਟਰੀ ਸਕੀਮਾਂ ਰਾਜ ਸਰਕਾਰਾਂ ਆਪਣੇ ਪੱਧਰ ’ਤੇ ਚਲਾ ਸਕਦੀਆਂ ਹਨ, ਜਿਨ੍ਹਾਂ ਨੂੰ ਕੋਈ ਵੀ ਪ੍ਰਾਈਵੇਟ ਪਾਰਟੀ ਜਾਂ ਵਿਅਕਤੀ ਆਪਣੇ ਤੌਰ ’ਤੇ ਨਹੀਂ ਚਲਾ ਸਕਦਾ। ਪੱਤਰ ਵਿਚ ਇਹ ਵੀ ਲਿਖਿਆ ਗਿਆ ਕਿ ਲਾਟਰੀ ਰੈਗੂਲੇਸ਼ਨ ਰੂਲਜ਼-2010 ਦੀ ਧਾਰਾ 3 (14) ਤਹਿਤ ਕੋਈ ਵੀ ਸੰਸਥਾ ਇਨਾਮ ਤੇ ਲਾਟਰੀ ਟਿਕਟ ਜਾਂ ਆਨਲਾਈਨ ਲਾਟਰੀ ਜਿਸ ਵਿਚ ਸਿੰਗਲ, ਡਬਲ ਜਾਂ ਟ੍ਰਿਪਲ ਅੰਕ ਹੋਣ, ਉਸ ਤਹਿਤ ਕੋਈ ਵੀ ਇਨਾਮੀ ਰਾਸ਼ੀ ਨਹੀਂ ਦੇ ਸਕਦੇ। ਜੇਕਰ ਕੋਈ ਵਿਅਕਤੀ ਉਕਤ ਧਾਰਾ ਜਾਂ ਲਾਟਰੀ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-420 ਤਹਿਤ ਕਾਰਵਾਈ ਕੀਤੀ ਜਾਣੀ ਬਣਦੀ ਹੈ। ਡਾਇਰੈਟੋਰੇਟ ਵਿਭਾਗ ਵਲੋਂ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਨੂੰ ਵੀ ਪੱਤਰ ਜਾਰੀ ਕੀਤਾ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ’ਚ ਲੱਕੀ ਡਰਾਅ ਸਕੀਮ ਚੱਲਦੀ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਸਬੰਧਿਤ ਵਿਭਾਗ ਨੂੰ ਰਿਪੋਰਟ ਬਣਾ ਕੇ ਸੂਚਿਤ ਕੀਤਾ ਜਾਵੇ।

ਇਹ ਵੀ ਪੜ੍ਹੋ : ਮਾਨ ਸਰਕਾਰ ਪੰਜਾਬੀਆਂ ਨੂੰ ਦੇਵੇਗੀ ਤੋਹਫ਼ਾ, ਭਲਕੇ ਲੁਧਿਆਣਾ 'ਚ ਹੋਵੇਗਾ ਪ੍ਰੋਗਰਾਮ
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ

ਪੁਲਸ ਜ਼ਿਲ੍ਹਾ ਖੰਨਾ ਵਿਚ ਚੱਲਦੀਆਂ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਸਬੰਧੀ ਜਦੋਂ ਐੱਸ. ਐੱਸ. ਪੀ. ਖੰਨਾ ਅਵਨੀਤ ਕੌਂਡਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾਇਰੈਟੋਰੇਟ ਲਾਟਰੀ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਇਲਾਕੇ ਵਿਚ ਗੈਰ-ਕਾਨੂੰਨੀ ਲੱਕੀ ਡਰਾਅ ਸਕੀਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮਾਛੀਵਾੜਾ ਦੇ ਮੁਖੀ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਇਲਾਕੇ ’ਚ ਇੱਕ ਚੱਲਦੀ ਲੱਕੀ ਡਰਾਅ ਸਕੀਮ ਸਬੰਧੀ ਉਨ੍ਹਾਂ ਕੋਲ 2 ਵਿਅਕਤੀਆਂ ਨੇ ਸ਼ਿਕਾਇਤ ਕੀਤੀ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਕਾਨੂੰਨੀ ਅਫ਼ਸਰ ਦੀ ਰਾਏ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita