ਪੋਤੇ-ਪੋਤੀਆਂ ਵਾਲੇ ਪ੍ਰੇਮੀ ਜੋੜੇ ਦੀਆਂ ਨਗਨ ਹਾਲਾਤ 'ਚ ਮਿਲੀਆਂ ਲਾਸ਼ਾਂ, ਕਮਰੇ ਦਾ ਸੀਨ ਦੇਖ ਪੁਲਸ ਵੀ ਹੈਰਾਨ (ਤਸਵੀਰਾਂ)

12/29/2022 1:36:40 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਝਾੜ ਸਾਹਿਬ ਵਿਖੇ ਚੌਂਕੀਦਾਰ ਦਾ ਕੰਮ ਕਰਦੇ ਜਸਵੀਰ ਸਿੰਘ (50) ਵਾਸੀ ਬਹਿਲੋਲਪੁਰ ਅਤੇ ਉਸ ਦੀ ਪ੍ਰੇਮਿਕਾ ਬਲਵਿੰਦਰ ਕੌਰ ਵਾਸੀ ਨਾਨੋਵਾਲ ਦੀਆਂ ਕਮਰੇ ਅੰਦਰ ਨਗਨ ਹਾਲਾਤ 'ਚ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਨੇੜੇ ਬਲਦੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਸੋਹੀ ਕੋਲਡ ਸਟੋਰ 'ਚ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਨਾਲ ਹੀ ਬਣੇ ਕਮਰੇ 'ਚ ਰਹਿੰਦਾ ਸੀ। ਨੇੜਲੇ ਪਿੰਡ ਨਾਨੋਵਾਲ ਦੀ ਬਲਵਿੰਦਰ ਕੌਰ ਵੀ ਕੋਲਡ ਸਟੋਰ 'ਚ ਕੰਮ ਕਰਨ ਆਉਂਦੀ ਸੀ, ਜਿਸ ਦੇ ਜਸਵੀਰ ਸਿੰਘ ਨਾਲ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਬੀਤੀ ਰਾਤ ਜਸਵੀਰ ਸਿੰਘ ਘਰੋਂ ਰੋਟੀ ਖਾਣ ਤੋਂ ਬਾਅਦ ਕੋਲਡ ਸਟੋਰ ਵਿਖੇ ਆਪਣੇ ਕਮਰੇ 'ਚ ਆ ਗਿਆ ਅਤੇ ਬਲਵਿੰਦਰ ਕੌਰ ਵੀ ਨਾਨੋਵਾਲ ਤੋਂ ਆਪਣੇ ਘਰ ਵਾਲਿਆਂ ਨੂੰ ਕੰਮ ਕਰਨ ਦਾ ਕਹਿ ਕੇ ਉੱਥੇ ਪਹੁੰਚ ਗਈ। ਦੋਵੇਂ ਰਾਤ ਨੂੰ ਕਮਰੇ 'ਚ ਇਕੱਠੇ ਅੰਗੀਠੀ ਬਾਲ ਕੇ ਸੌਂ ਗਏ। ਜਦੋਂ ਸਵੇਰੇ ਚੌਂਕੀਦਾਰ ਜਸਵੀਰ ਸਿੰਘ ਨੇ ਆਪਣਾ ਕਮਰਾ ਨਾ ਖੋਲ੍ਹਿਆ ਤਾਂ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੌਸਮ ਵਿਭਾਗ ਨੇ ਮੀਂਹ ਪੈਣ ਦੀ ਦਿੱਤੀ ਚਿਤਾਵਨੀ

ਨਾਇਬ ਸਿੰਘ ਵਲੋਂ ਤੁਰੰਤ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਤੁਰੰਤ ਥਾਣਾ ਮੁਖੀ ਦਵਿੰਦਰਪਾਲ ਸਿੰਘ, ਚੌਂਕੀ ਇੰਚਾਰਜ ਪ੍ਰਮੋਦ ਕੁਮਾਰ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਕਮਰੇ ਦੀ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਅੰਦਰ ਜਸਵੀਰ ਸਿੰਘ ਤੇ ਬਲਵਿੰਦਰ ਕੌਰ ਦੀਆਂ ਲਾਸ਼ਾਂ ਨਗਨ ਹਾਲਤ 'ਚ ਪਈਆਂ ਸਨ। ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਮਰਾ ਖੋਲ੍ਹਣ ਤੋਂ ਬਾਅਦ ਜੋ ਮੌਕੇ ਦੇ ਹਾਲਾਤ ਦੇਖੇ ਗਏ ਤਾਂ ਉਸ ਤੋਂ ਇਹ ਜਾਪ ਰਿਹਾ ਸੀ ਕਿ ਕਮਰੇ ’ਚ ਬਲਦੀ ਅੰਗੀਠੀ ਦੀ ਗੈਸ ਨਾਲ ਉਨ੍ਹਾਂ ਦੋਹਾਂ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਮੰਜੇ ’ਤੇ ਪਈ ਸੀ, ਜਦੋਂ ਕਿ ਬਲਵਿੰਦਰ ਕੌਰ ਦੀ ਲਾਸ਼ ਹੇਠਾਂ ਡਿੱਗੀ ਹੋਈ ਸੀ। ਇਸ ਤੋਂ ਇਲਾਵਾ ਮ੍ਰਿਤਕ ਜਸਵੀਰ ਸਿੰਘ ਦੇ ਪੈਰ ਵੀ ਸੜੇ ਹੋਏ ਸਨ ਅਤੇ ਅੰਗੀਠੀ ਤੋਂ ਕੰਬਲ ਨੂੰ ਅੱਗ ਲੱਗੀ ਦਿਖਾਈ ਦਿੱਤੀ। ਪੁਲਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਜੋ ਫਾਰੈਂਸਿਕ ਜਾਂਚ 'ਚ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਸਕੇ। 

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਜਾ ਰਹੀ ਸਕੂਲੀ ਬੱਚਿਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, ਦੇਖੋ ਮੌਕੇ ਦੀਆਂ ਤਸਵੀਰਾਂ


ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

ਮ੍ਰਿਤਕ ਚੌਂਕੀਦਾਰ ਜਸਵੀਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਦਾ ਕਤਲ ਕੀਤਾ ਗਿਆ ਹੈ। ਉਸਨੇ ਦੋਸ਼ ਲਗਾਏ ਕਿ ਇਸ ਕੋਲਡ ਸਟੋਰ 'ਚ ਬਹੁਤ ਗਲਤ ਕੰਮ ਹੁੰਦੇ ਹਨ ਅਤੇ ਇਸ ਸਾਰੇ ਮਾਮਲੇ ਦੀ ਪੁਲਸ ਬਾਰੀਕੀ ਨਾਲ ਜਾਂਚ ਕਰੇ। ਦੂਜੇ ਪਾਸੇ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਚੌਂਕੀਦਾਰ ਜਸਵੀਰ ਸਿੰਘ ਦੀ ਮੌਤ ਦੀ ਜਾਂਚ ਪੁਲਸ ਨਿਰਪੱਖ ਢੰਗ ਨਾਲ ਕਰੇ ਅਤੇ ਪੋਸਟ ਮਾਰਟਮ ਤੋਂ ਬਾਅਦ ਰਿਪੋਰਟ 'ਚ ਸਾਰੇ ਤੱਥ ਸਾਹਮਣੇ ਆ ਜਾਣਗੇ।

ਪੋਤੇ-ਪੋਤਰੀਆਂ ਵਾਲੇ ਪ੍ਰੇਮੀ ਜੋੜੇ ਦੀ ਇਕੱਠੀ ਮੌਤ ਕਾਰਨ ਦੋਵੇਂ ਪਰਿਵਾਰ ਆਪਸ ’ਚ ਹੋਏ ਧੱਕਾ-ਮੁੱਕੀ

ਕੋਲਡ ਸਟੋਰ ਦੇ ਕਮਰੇ 'ਚ ਜੋ ਪ੍ਰੇਮੀ ਜੋੜਾ ਨਗਨ ਹਾਲਤ 'ਚ ਮਿਲਿਆ, ਉਨ੍ਹਾਂ ਦੇ ਪੁੱਤ ਵਿਆਹੇ ਹੋਏ ਹਨ ਅਤੇ ਦੋਵੇਂ ਪੋਤੇ-ਪੋਤਰੀਆਂ ਵਾਲੇ ਹਨ। ਲਾਸ਼ਾਂ ਮਿਲਣ ਤੋਂ ਬਾਅਦ ਦੋਵੇਂ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ, ਜੋ ਕਿ ਹਾਲਾਤ ਨੂੰ ਦੇਖਦਿਆਂ ਸ਼ਰਮਸਾਰ ਹੁੰਦੇ ਦਿਖਾਈ ਦਿੱਤੇ। ਇੱਥੋਂ ਤੱਕ ਪੁਲਸ ਦੀ ਮੌਜੂਦਗੀ 'ਚ ਦੋਵੇਂ ਪਰਿਵਾਰ ਧੱਕਾ-ਮੁੱਕੀ ਵੀ ਹੋਏ ਅਤੇ ਇੱਕ ਦੂਜੇ ’ਤੇ ਦੂਸ਼ਣਬਾਜੀ ਵੀ ਕੀਤੀ। ਘਟਨਾ ਸਥਾਨ ’ਤੇ ਮੌਜੂਦ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਦੋਹਾਂ ਪਰਿਵਾਰਾਂ ਨੂੰ ਵੱਖ ਕੀਤਾ ਅਤੇ ਕਿਹਾ ਕਿ ਦੋਵੇਂ ਧਿਰਾਂ ਇੱਕ-ਦੂਜੇ ਦੀ ਮਿੱਟੀ ਨਾ ਪੁੱਟਣ ਕਿਉਂਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਇਲਾਕੇ 'ਚ ਇਸ ਘਟਨਾ ਦੀ ਕਾਫ਼ੀ ਚਰਚਾ ਛਿੜੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita