ਪਟਿਆਲਾ : ਨੌਜਵਾਨ ਕੁੜੀ-ਮੁੰਡੇ ਵਲੋਂ ਟਰੇਨ ਹੇਠਾਂ ਆ ਕੇ ਖੁਦਕੁਸ਼ੀ

10/09/2018 6:48:24 AM

ਪਟਿਆਲਾ,   (ਬਲਜਿੰਦਰ)-  ਸ਼ਹਿਰ ਦੇ 23 ਨੰਬਰ ਫਾਟਕ ਕੋਲ ਅੱਜ ਤਡ਼ਕਸਾਰ ਇਕ ਪ੍ਰੇਮੀ ਜੋਡ਼ੇ ਨੇ ਟਰੇਨ ਥੱਲੇ ਆ ਕੇ ਫਿਲਮੀ ਸਟਾਈਲ ’ਚ ਖੁਦਕੁਸ਼ੀ ਕਰ ਲਈ। ਮ੍ਰਿਤਕ ਲਡ਼ਕੇ ਨਾਂ ਵਿਨੇ ਸੁੰਦਰਮ (26) ਅਤੇ ਲਡ਼ਕੀ ਦਾ ਨਾਂ ਵਿਨਪ੍ਰੀਤ ਕੌਰ (25) ਸੀ। ਦੋਵਾਂ ਦੀਆਂ ਲਾਸ਼ਾਂ ਟੁਕਡ਼ੇ-ਟੁਕਡ਼ੇ ਹੋ ਗਈਆਂ।  ਇਸ ਸਬੰਧੀ ਜਦੋਂ ਰੇਲਵੇ ਪੁਲਸ ਨੂੰ ਸੂਚਿਤ ਕੀਤਾ ਤਾਂ ਏ. ਐੈੱਸ. ਆਈ. ਜਸਬੀਰ ਸਿੰਘ ਅਤੇ ਏ. ਐੈੱਸ. ਆਈ. ਹਰੀ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ  ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਾਧਾਰ ’ਤੇ 174 ਦੀ ਕਾਰਵਾਈ ਕੀਤੀ। ਸ਼ਾਮ ਨੂੰ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਅਾਂ ਗਈਅਾਂ।  
  ਮੌਕੇ ’ਤੇ ਖੜ੍ਹੇ ਇਕ ਆਟੋ-ਚਾਲਕ ਮੁਤਾਬਕ ਕੁੜੀ  ਅਤੇ  ਮੁੰਡਾ ਕਾਰ ਵਿਚ ਆਏ। ਪਹਿਲਾਂ  ਦੋਵਾਂ ਨੇ ਇਕ-ਦੂਜੇ  ਦੇ ਮੂੰਹ ਵਿਚ ਲੱਡੂ ਪਾਏ। ਇਸੇ ਦੌਰਾਨ ਟਰੇਨ ਆ ਗਈ। ਦੋਵੇਂ ਕਾਰ ’ਚੋਂ  ਨਿਕਲੇ ਅਤੇ ਟਰੇਨ ਦੇ ਅੱਗੇ ਛਾਲ ਮਾਰ ਦਿੱਤੀ। ਪਲਕ ਝਪਕਦੇ ਹੀ ਟਰੇਨ ਨੇ ਦੋਵਾਂ ਦੇ  ਟੁਕਡ਼ੇ-ਟੁਕਡ਼ੇ ਕਰ ਦਿੱਤੇ। ਪ੍ਰਤੱਖਦਰਸ਼ੀਆਂ ਮੁਤਾਬਕ ਲਗਦਾ ਹੀ ਨਹੀਂ ਸੀ ਕਿ ਉਹ  ਖੁਦਕੁਸ਼ੀ ਕਰਨ ਵਾਲੇ ਹਨ। ਇੰਝ ਲੱਗ  ਰਿਹਾ ਸੀ ਕਿ ਸਭ ਕੁਝ ਪਲਾਂ ’ਚ ਹੀ ਹੋ ਗਿਆ। 
  ਇਥੇ  ਦੱਸਣਯੋਗ ਹੈ ਕਿ  ਇਹ ਇਕ ਉੱਚ ਸਿੱਖਿਆ ਪ੍ਰਾਪਤ ਜੋਡ਼ਾ ਸੀ। ਏ. ਐੈੱਸ. ਆਈ. ਹਰੀ ਸਿੰਘ ਮੁਤਾਬਕ ਵਿਨੇ ਸੁੰਦਰਮ ਬਿਜਲੀ ਬੋਰਡ ਵਿਚ ਜੇ. ਈ. ਲੱਗਾ ਹੋਇਆ  ਸੀ ਅਤੇ ਵਿਨਪ੍ਰੀਤ ਸਰਕਾਰੀ ਕਾਲਜ ਲਡ਼ਕੀਆਂ ਵਿਖੇ ਸਹਾਇਕ ਪ੍ਰੋਫੈਸਰ ਸੀ। 
 ਵਿਨੇ ਅਤੇ ਵਿਨਪ੍ਰੀਤ ਦੀ 10 ਅਕਤੂਬਰ ਨੂੰ ਮੰਗਣੀ ਹੋਣੀ ਸੀ। ਦੋਵਾਂ ਵਿਚ ਕਾਫੀ ਸਮੇਂ ਤੋਂ ਦੋਸਤੀ ਰਹੀ ਸੀ ਅਤੇ ਪਰਿਵਾਰ ਵੀ ਉਨ੍ਹਾਂ ਦੇ ਵਿਆਹ ਲਈ ਸਹਿਮਤ ਸਨ। ਅਚਾਨਕ ਦੋਵਾਂ ਨੇ ਅੱਜ ਇਹ ਕਦਮ ਚੁੱਕ ਲਿਆ। ਪਰਿਵਾਰਾਂ ਮੁਤਾਬਕ ਉਨ੍ਹਾਂ ਨੂੰ ਵੀ ਗੱਲ ਸਮਝ ਨਹੀਂ ਆਈ ਕਿ ਜਦੋਂ ਦੋਵੇਂ ਪਰਿਵਾਰ ਰਾਜ਼ੀ ਸਨ ਤਾਂ ਫਿਰ ਅਜਿਹਾ ਕਿਉਂ ਕੀਤਾ?