ਵਿਆਹੁਤਾ ਪ੍ਰੇਮੀ ਜੋੜੇ ਨੇ ਖਾਧਾ ਜ਼ਹਿਰ, ਦੋਵਾਂ ਦੀ ਮੌਤ

06/23/2018 7:20:58 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਦੇ ਇਕ ਪਿੰਡ ਵਿਚ ਵਿਆਹੁਤਾ ਪ੍ਰੇਮੀ ਜੋੜੇ ਵਲੋਂ ਜ਼ਹਿਰ ਖਾਣ ਨਾਲ ਦੋਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੇਮੀ ਜੋੜੇ ਦੀ ਅਸ਼ਲੀਲ ਤਸਵੀਰ ਪਿੰਡ ਵਿਚ ਫੈਲ੍ਹਣ ਤੋਂ ਹੋਈ ਬਦਨਾਮੀ ਕਾਰਨ ਉਨ੍ਹਾਂ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਗੁਆਂਢੀ ਸਨ ਅਤੇ ਬੱਚਿਆਂ ਵਾਲੇ ਸਨ। ਦੋਵਾਂ ਦੇ ਸਬੰਧ ਪਿਛਲੇ 3 ਸਾਲਾਂ ਤੋਂ ਸਨ ਜਿਨ੍ਹਾਂ ਦੀ ਪਿੰਡ ਵਿਚ ਚਰਚਾ ਵੀ ਸੀ। ਕੁੱਝ ਦਿਨ ਪਹਿਲਾਂ ਹੀ ਇਹ ਪ੍ਰੇਮੀ ਜੋੜਾ ਘਰੋਂ ਚਲਾ ਗਿਆ ਅਤੇ 2 ਦਿਨ ਬਾਅਦ ਘਰ ਪਰਤ ਆਇਆ ਜਿਸ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਕਲੇਸ਼ ਖੜ੍ਹਾ ਹੋ ਗਿਆ ਅਤੇ ਦੋਵਾਂ ਦੀ ਪਿੰਡ ਵਿਚ ਕਾਫ਼ੀ ਬਦਨਾਮੀ ਹੋ ਗਈ। 
ਇਸ ਤੋਂ ਇਲਾਵਾ ਇਸ ਪ੍ਰੇਮੀ ਜੋੜੇ ਦੀਆਂ ਅਸ਼ਲੀਲ ਤਸਵੀਰਾਂ ਵੀ ਪਿੰਡ 'ਚ ਫੈਲ ਗਈਆਂ ਜਿਸ ਤੋਂ ਬਾਅਦ ਦੋਵਾਂ ਨੂੰ ਕਾਫ਼ੀ ਨਾਮੋਸ਼ੀ ਹੋਈ ਅਤੇ ਕੱਲ੍ਹ ਸਵੇਰੇ ਦੋਵਾਂ ਨੇ ਇਕੱਠਿਆਂ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪ੍ਰੇਮਿਕਾ ਦੀ ਤਾਂ ਕੱਲ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤੇ ਬਿਨਾਂ ਹੀ ਚੁੱਪ-ਚਪੀਤੇ ਅੰਤਿਮ ਸਸਕਾਰ ਕਰ ਦਿੱਤਾ। ਜਦਕਿ ਅੱਜ ਸਵੇਰੇ ਪ੍ਰੇਮੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਜਿਸ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ।
ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦੇ ਪਤੀ ਦੇ ਪਿੰਡ ਵਿਚ ਕਿਸੇ ਔਰਤ ਨਾਲ ਨਜਾਇਜ਼ ਸਬੰਧ ਸਨ ਤੇ ਦੋਵੇਂ ਹੀ ਘਰੋਂ ਚਲੇ ਗਏ ਸਨ ਅਤੇ ਜਦੋਂ ਵਾਪਿਸ ਆਏ ਤਾਂ ਪਿੰਡ ਵਿਚ ਕਾਫ਼ੀ ਬਦਨਾਮੀ ਹੋਈ ਤੇ ਨਾਮੋਸ਼ੀ ਨਾ ਸਹਾਰਦੇ ਹੋਏ ਉਸਨੇ ਜ਼ਹਿਰ ਖਾ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਵਲੋਂ ਧਾਰਾ-174 ਤਹਿਤ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।