ਭਗਵਾਨ ਸ਼ਿਵ ਸ਼ੰਕਰ ਦੀ ਮੂਰਤੀ ਖੰਡਿਤ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਸਰਕਾਰ : ਨਿਮਿਸ਼ਾ ਮਹਿਤਾ

03/15/2022 6:35:42 PM

ਗੜ੍ਹਸ਼ੰਕਰ : ਪਿੰਡ ਪਦਰਾਣਾ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਭਗਵਾਨ ਸ਼ਿਵ ਸ਼ੰਕਰ ਦੀ ਮੂਰਤੀ ਨੂੰ ਬੁਰੀ ਤਰ੍ਹਾਂ ਖੰਡਤ ਕੀਤਾ ਗਿਆ। ਇਸ ਦੌਰਾਨ ਭਾਜਪਾ ਆਗੂ ਨਿਮਿਸ਼ਾ ਮਹਿਤਾ ਸਾਥੀਆਂ ਸਮੇਤ ਪਿੰਡ ਪਦਰਾਣਾ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ। ਨਿਮਿਸ਼ਾ ਮਹਿਤਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ’ਤੇ ਫੌਰੀ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਨਿਮਿਸ਼ਾ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਚੰਦ ਦਿਨਾਂ ਵਿਚ ਮੁਲਜ਼ਮ ਨਾ ਫੜੇ ਗਏ ਤਾਂ ਭਾਜਪਾ ਅਤੇ ਭਗਵਾਨ ਸ਼ੰਕਰ ਦੇ ਭਗਤ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।

ਇਸ ਦੇ ਨਾਲ ਹੀ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਰਕਾਰ ਨੂੰ ਗੰਭੀਰਤਾ ਨਾਲ ਘੋਖ ਕਰਵਾਉਣੀ ਚਾਹੀਦੀ ਹੈ ਕਿ ਪਹਿਲਾਂ ਗਾਵਾਂ ਦੇ ਸਿਰ ਵੱਢੇ ਗਏ, ਫਿਰ ਹੁਣ ਨਵੀਂ ਘਟਨਾ ਭਗਵਾਨ ਸ਼ੰਕਰ ਦੀ ਮੂਰਤੀ ਖੰਡਿਤ ਕਰਨ ਦੀ ਅਤੇ ਫਿਰ ਉਸੇ ਪਿੰਡ ਵਿਚ ਪੰਡਤਾਂ ਦੇ ਜਠੇਰਿਆਂ ਵਾਲੀ ’ਤੇ ਜਾ ਕੇ ਅਣਪਛਾਤਿਆਂ ਵਲੋਂ ਭੰਨ ਤੋੜ ਕਰਨ ਦੀ ਸਾਹਮਣੇ ਆਈ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਹ ਕਿਸੇ ਡੂੰਘੀ ਸਾਜ਼ਿਸ਼ ਦਾ ਨਤੀਜਾ ਤਾਂ ਨਹੀਂ ਹੈ। ਕਿਧਰੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ।

ਉਨ੍ਹਾਂ ਇਸ ਮਸਲੇ ’ਤੇ ਗੱਲ ਕਰਦਿਆਂ ਕਿਹਾ ਕਿ ਜਿਸ ਨੇ ਵੀ ਇਹ ਬੇਅਦਬੀ ਕੀਤੀ ਹੈ, ਉਸ ਨੇ ਬਹੁਤ ਕੋਝਾ ਕੰਮ ਕੀਤਾ ਹੈ ਅਤੇ ਭਾਜਪਾ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਜੇਕਰ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਭਾਜਪਾ ਵਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮੰਡਲ ਪ੍ਰਧਾਨ ਅਸ਼ਵਨੀ ਰਾਣਾ, ਸੰਜੀਵ ਬੌਬੀ ਗੁਪਤਾ, ਪਿੰਡ ਦੇ ਸਰਪੰਚ ਵਿਸ਼ਾਲ ਰਾਣਾ, ਰਾਣਾ ਖੁਸ਼ੀਪਤੀ ਅਤੇ ਕਈ ਹੋਰ ਮੌਜੂਦ ਸਨ।

Gurminder Singh

This news is Content Editor Gurminder Singh