ਲਾਰਡ ਦਲਜੀਤ ਰਾਣਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

07/14/2017 7:25:46 PM

ਚੰਡੀਗੜ੍ਹ : ਉੱਤਰੀ ਆਇਰਲੈਂਡ ਵਿਚ ਭਾਰਤ ਦੇ ਆਨਰੇਰੀ ਕੌਂਸਲ ਲਾਰਡ ਦਲਜੀਤ ਨੇ ਸ਼ੁੱਕਰਵਾਰ ਨੂੰ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਬਰਤਾਨੀਆਂ ਦੇ ਭਾਰਤੀ ਮੂਲ ਦੇ ਕਾਰੋਬਾਰੀ ਲਾਰਡ ਦਲਜੀਤ ਰਾਣਾ ਨੇ ਪੰਜਾਬ ਵਿਚ ਵੱਖ-ਵੱਖ ਖੇਤਰਾਂ ਖਾਸ ਤੌਰ 'ਤੇ ਸਿੱਖਿਆ ਤੇ ਖੇਡਾਂ ਵਿਚ ਨਿਵੇਸ਼ ਕਰਨ 'ਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਵੱਲੋਂ ਫਤਿਹਗੜ੍ਹ ਜ਼ਿਲੇ ਵਿਚ ਆਪਣੇ ਜੱਦੀ ਪਿੰਡ ਸੰਘੋਲ ਵਿਚ ਸਿੱਖਿਆ ਤੇ ਖੇਡਾਂ ਲਈ ਉੱਚ ਦਰਜੇ ਦਾ ਕੇਂਦਰ ਸਥਾਪਤ ਕਰਨ ਦੀ ਵੀ ਇੱਛਾ ਪ੍ਰਗਟਾਈ ਗਈ ਤਾਂ ਕਿ ਪੇਂਡੂ ਵਿਦਿਆਰਥੀਆਂ ਨੂੰ ਇਸ ਦਾ ਲਾਭ ਹੋ ਸਕੇ। ਉੱਘੇ ਪ੍ਰਾਪਰਟੀ ਤੇ ਹੋਟਲ ਕਾਰੋਬਾਰੀ ਲਾਰਡ ਦਲਜੀਤ ਨੇ ਖੇਡਾਂ ਤੇ ਸਿੱਖਿਆ ਵਿਚ ਉੱਚ ਦਰਜੇ ਦਾ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਕਿ ਸੂਬੇ ਵਿਚ ਨੌਜਵਾਨਾਂ ਦੀ ਸ਼ਖਸੀਅਤ ਵਿਕਾਸ ਕੀਤਾ ਜਾ ਸਕੇ।
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਾਇਆ ਕਿ ਪਿੰਡ ਸੰਘੋਲ ਵਿਖੇ ਸਾਊਥਹਾਲ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰ ਦੀ ਫੁਟਬਾਲ ਅਕੈਡਮੀ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ ਤਾਂ ਕਿ ਉੱਭਰਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਫੁਟਬਾਲ ਮੁਕਾਬਲੇਬਾਜ਼ੀ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਥਾਨਕ ਕੋਚਾਂ ਨੂੰ ਸਿਖਲਾਈ ਦੇਣ ਲਈ ਦੂਜੇ ਮੁਲਕਾਂ ਤੋਂ ਅੰਤਰਰਾਸ਼ਟਰੀ ਪੱਧਰ ਦੇ ਕੋਚ ਬੁਲਾਏ ਜਾਣਗੇ ਅਤੇ ਨੌਜਵਾਨਾਂ ਨੂੰ ਵੀ ਵਿਦੇਸ਼ੀ ਟੀਮਾਂ ਨਾਲ ਮੈਚ ਕਰਵਾ ਕੇ ਬਿਹਤਰੀਨ ਮੌਕੇ ਪ੍ਰਦਾਨ ਕੀਤੇ ਜਾਣਗੇ। ਲਾਰਡ ਦਲਜੀਤ ਨੇ ਸੂਬਾ ਭਰ ਵਿਚ ਵਿਰਾਸਤੀ ਥਾਵਾਂ ਦੀ ਸੰਭਾਲ ਦੀ ਲੋੜ 'ਤੇ ਜ਼ੋਰ ਦਿੱਤਾ ਜਿਸ 'ਤੇ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੀਆਂ ਥਾਵਾਂ ਦੀ ਸੰਭਾਲ ਲਈ ਵਿਆਪਕ ਪੱਧਰ 'ਤੇ ਯੋਜਨਾ ਨੂੰ ਪਹਿਲਾਂ ਹੀ ਅਮਲ ਵਿਚ ਲਿਆਂਦਾ ਹੋਇਆ ਹੈ ਜਿਸ ਤਹਿਤ ਪਟਿਆਲਾ ਵਿਚ ਕਿਲ੍ਹਾ ਮੁਬਾਰਕ ਅਤੇ ਅੰਮ੍ਰਿਤਸਰ ਵਿਖੇ ਕਿਲ੍ਹਾ ਗੋਬਿੰਦਗੜ੍ਹ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਪਹਿਲਾਂ ਹੀ ਸਮਰਪਤ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੇ ਹਰੇਕ ਕਿਲ੍ਹੇ ਦੀ ਵਿਰਾਸਤੀ ਦਿੱਖ ਬਹਾਲ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਪ੍ਰਾਇਵੇਟ ਸੈਕਟਰ ਦੀ ਭਾਈਵਾਲੀ ਨਾਲ ਇਨ੍ਹਾਂ ਥਾਵਾਂ ਨੂੰ ਵਿਰਾਸਤੀ ਹੋਟਲਾਂ ਤੇ ਸਬੰਧਤ ਸਥਾਨਾਂ ਵਿਚ ਤਬਦੀਲ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਿਰਾਸਤੀ ਸੈਰ-ਸਪਾਟੇ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰੇਗੀ।