ਮਾਛੀਵਾੜਾ 'ਚ ਦਿਨ-ਦਿਹਾੜੇ ਕਿਸਾਨ ਨਾਲ ਲੁੱਟ, CCTV 'ਚ ਕੈਦ ਹੋਈ ਥਾਣੇ ਨੇੜੇ ਵਾਪਰੀ ਵਾਰਦਾਤ

11/11/2022 3:23:51 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਅੱਜ ਪੁਲਸ ਥਾਣੇ ਦੇ ਬਿਲਕੁਲ ਨੇੜਿਓਂ ਹੀ ਇੱਕ ਕਿਸਾਨ ਤੋਂ 1 ਲੱਖ ਰੁਪਏ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੌਰਲਾ ਬੇਟ ਦਾ ਨਿਵਾਸੀ ਸਾਬਕਾ ਸਰਪੰਚ ਅਤੇ ਕਿਸਾਨ ਜਸਵੰਤ ਸਿੰਘ ਆਪਣੀ ਫ਼ਸਲ ਦੀ ਰਾਸ਼ੀ ਪੰਜਾਬ ਨੈਸ਼ਨਲ ਬੈਂਕ ’ਚੋਂ ਕਢਵਾਉਣ ਲਈ ਆਇਆ ਸੀ। ਕਿਸਾਨ ਜਸਵੰਤ ਸਿੰਘ ਨੇ ਬੈਂਕ ’ਚੋਂ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਕਢਵਾ ਕੇ ਆਪਣੇ ਹੱਥ 'ਚ ਫੜ੍ਹੇ ਛੋਟੇ ਬੈਗ 'ਚ ਪਾ ਲਈ। ਕਿਸਾਨ ਜਸਵੰਤ ਸਿੰਘ ਬੈਂਕ ’ਚੋਂ ਰਾਸ਼ੀ ਕਢਵਾਉਣ ਤੋਂ ਬਾਅਦ ਜਦੋਂ ਵਾਪਸ ਆਇਆ ਤਾਂ ਉਹ ਆਪਣੇ ਇੱਕ ਦੋਸਤ ਬਿੱਟੂ ਸਰਪੰਚ ਖਾਨਪੁਰ ਦੀ ਗੱਡੀ 'ਚ ਬੈਠ ਕੇ ਉਸ ਨਾਲ ਕੁੱਝ ਗੱਲਬਾਤ ਕਰਨ ਲੱਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸੁਧੀਰ ਸੂਰੀ ਦੀ ਮੌਤ 'ਤੇ ਇਸ ਸ਼ਖ਼ਸ ਨੇ ਵੰਡੇ ਸੀ ਲੱਡੂ, ਹੋਇਆ ਹੈਰਾਨ ਕਰਦਾ ਖ਼ੁਲਾਸਾ

ਕੁੱਝ ਮਿੰਟਾਂ ਬਾਅਦ ਉਹ ਬਿਲਕੁਲ ਥਾਣੇ ਨੇੜੇ ਹੀ ਗੱਡੀ ’ਚੋਂ ਬਾਹਰ ਨਿਕਲਿਆ ਅਤੇ ਬੈਂਕ ਦੇ ਬਾਹਰ ਖੜ੍ਹੇ ਆਪਣੇ ਮੋਟਰਸਾਈਕਲ ਨੂੰ ਚੁੱਕਣ ਜਾ ਰਿਹਾ ਸੀ ਕਿ ਅਚਾਨਕ ਇੱਕ ਮੋਟਰਸਾਈਕਲ ’ਤੇ 2 ਵਿਅਕਤੀ ਆਏ, ਜਿਨ੍ਹਾਂ ਨੇ ਜਸਵੰਤ ਸਿੰਘ ਦੇ ਹੱਥ 'ਚ ਫੜ੍ਹਿਆ ਬੈਗ ਜਿਸ 'ਚ ਇੱਕ ਲੱਖ ਰੁਪਏ ਨਕਦੀ ਸੀ, ਖੋਹਿਆ ਅਤੇ ਫ਼ਰਾਰ ਹੋ ਗਏ। ਦਿਨ-ਦਿਹਾੜੇ ਥਾਣੇ ਨੇੜਿਓਂ ਕਿਸਾਨ ਤੋਂ 1 ਲੱਖ ਰੁਪਏ ਦੀ ਲੁੱਟ ਹੋ ਜਾਣ ’ਤੇ ਲੋਕਾਂ 'ਚ ਦਹਿਸ਼ਤ ਫੈਲ ਗਈ। ਜਸਵੰਤ ਸਿੰਘ ਵਲੋਂ ਮਾਛੀਵਾੜਾ ਪੁਲਸ ਥਾਣਾ ਜਾ ਕੇ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ। ਇਸ ’ਤੇ ਪੁਲਸ ਨੇ ਬੈਂਕ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਹੁਣ ਤੱਕ ਹੋ ਚੁੱਕੈ 7 ਡੇਰਾ ਪ੍ਰੇਮੀਆਂ ਦਾ ਕਤਲ, ਬੁਰੀ ਤਰ੍ਹਾਂ ਸਹਿਮੇ ਲੋਕ

ਜਸਵੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ 2 ਵਿਅਕਤੀਆਂ ਨੇ ਲੁੱਟ ਕੀਤੀ ਹੈ, ਉਨ੍ਹਾਂ ’ਚੋਂ ਇੱਕ ਦੇ ਹੈਲਮੈੱਟ ਪਾਇਆ ਹੋਇਆ ਸੀ, ਜਦੋਂ ਕਿ ਦੂਸਰੇ ਦਾ ਚਿਹਰਾ ਉਹ ਚੰਗੀ ਤਰ੍ਹਾਂ ਦੇਖ ਨਾ ਸਕਿਆ। ਮਾਛੀਵਾੜਾ ਪੁਲਸ ਥਾਣਾ ਨੇੜੇ ਕਾਫ਼ੀ ਬੈਂਕ ਹਨ, ਜਿੱਥੇ ਕਿ ਅੱਜ-ਕੱਲ੍ਹ ਕਿਸਾਨਾਂ ਵਲੋਂ ਵੇਚੀ ਝੋਨੇ ਦੀ ਫ਼ਸਲ ਸਬੰਧੀ ਅਦਾਇਗੀ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ ਪਰ ਅੱਜ ਲੁਟੇਰਿਆਂ ਵਲੋਂ ਬੇਖ਼ੌਫ਼ ਹੋ ਕੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੋਕਾਂ 'ਚ ਸਹਿਮ ਹੈ ਕਿ ਉਹ ਪੁਲਸ ਥਾਣੇ ਨੇੜੇ ਵੀ ਸੁਰੱਖਿਅਤ ਨਹੀਂ। ਜਦੋਂ ਇਸ ਵਾਰੇ ਡੀ. ਐਸੱ. ਪੀ. ਬਰਿਆਮ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਜ਼ਰੂਰ ਵਾਪਰੀ ਹੈ ਪਰ ਜਲਦ ਹੀ ਮੁਲਜ਼ਮ ਹਿਰਾਸਤ 'ਚ ਹੋਣਗੇ। ਉਨ੍ਹਾਂ ਕਿਹਾ ਕਿ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦੇਖੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita