ਮਾਸੂਮਾਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ SGPC ਕਰੇਗੀ ਸਨਮਾਨਤ : ਲੌਂਗੋਵਾਲ

02/17/2020 4:36:32 PM

ਲੌਂਗੋਵਾਲ (ਵਸ਼ਿਸ਼ਟ) : ਲੌਂਗੋਵਾਲ ਵਿਖੇ ਬੀਤੇ ਸ਼ਨੀਵਾਰ ਨੂੰ ਵਾਪਰੇ ਸਕੂਲ ਵੈਨ ਹਾਦਸੇ ਵਿਚ ਮਾਰੇ ਗਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਦੇ ਘਰ ਪੁੱਜੇ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਜਿੱਥੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਜ਼ਿੰਮੇਵਾਰ ਅਫਸਰਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਣਾ ਚਾਹੀਦਾ। ਭਾਈ ਲੌਂਗੋਵਾਲ ਨੇ ਕਿਹਾ ਕਿ ਦਫਤਰਾਂ ਵਿਚ ਬੈਠ ਕੇ ਹੀ ਸਕੂਲਾਂ ਨੂੰ ਐਫੀਲੇਸ਼ਨਾਂ ਦੇ ਦਿੱਤੀਆਂ ਜਾਂਦੀਆਂ ਹਨ। ਜ਼ਮੀਨੀ ਪੱਧਰ 'ਤੇ ਸਕੂਲ ਦੀ ਇਮਾਰਤ, ਸਕੂਲੀ ਵਾਹਨਾਂ ਅਤੇ ਹੋਰ ਸਹੂਲਤਾਂ ਦੀ ਕੋਈ ਇੰਸਪੈਕਸ਼ਨ ਨਹੀਂ ਕੀਤੀ ਜਾਂਦੀ। ਇਸ ਲਈ ਇਨ੍ਹਾਂ ਮਾਸੂਮ ਬੱਚਿਆਂ ਦੀ ਮੌਤ ਲਈ ਇਹ ਅਫਸਰ ਵੀ ਜ਼ਿੰਮੇਵਾਰ ਹਨ। ਸਰਕਾਰ ਵੱਲੋਂ ਐਲਾਨੀ ਸਹਾਇਤਾ ਰਾਸ਼ੀ ਦੀ ਗੱਲ ਕਰਦਿਆਂ ਐਸ.ਜੀ.ਪੀ.ਸੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਬਹੁਤ ਹੀ ਗ਼ਰੀਬ ਕਿਰਤੀ ਪਰਿਵਾਰ ਹਨ। ਸਰਕਾਰ ਨੂੰ ਚਾਹੀਦਾ ਹੈ ਇਨ੍ਹਾਂ ਦੀ ਹੋਰ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਹਾਦਸੇ ਦੌਰਾਨ 4 ਬੱਚਿਆਂ ਨੂੰ ਵੈਨ ਵਿਚੋਂ ਜਿਊਂਦਾ ਕੱਢਣ ਵਾਲੀ ਦਲੇਰ ਬੇਟੀ ਅਮਨਦੀਪ ਕੌਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਸਕੂਲੀ ਵਾਹਨਾਂ ਦੀ ਚੈਕਿੰਗ ਲਈ ਆਦੇਸ਼ ਦਿੱਤੇ ਹਨ ਪਰ ਇਹ ਚੈਕਿੰਗ ਕਾਗਜ਼ਾਂ ਤੱਕ ਹੀ ਸੀਮਤ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾ ਕੋਈ ਨਾ ਵਾਪਰੇ ਇਸ ਲਈ ਸਖਤ ਕਦਮ ਚੁੱਕਣੇ ਹੀ ਪੈਣਗੇ। ਇਸ ਦੌਰਾਨ ਉਨ੍ਹਾਂ ਨੇ ਪੀੜਤ ਪਰਿਵਾਰ ਜਸਵੀਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਅਤੇ ਸੱਤਪਾਲ ਦੇ ਘਰ ਪਹੁੰਚ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ।

ਦੱਸ ਦੇਈਏ ਕਿ ਵੈਨ ਹਾਦਸੇ ਵਿਚ ਮਾਰੇ ਗਏ 4 ਬੱਚਿਆਂ ਦੀ ਆਤਮਿਕ ਸ਼ਾਂਤੀ ਲਈ 25 ਫਰਵਰੀ ਨੂੰ ਸਾਂਝੇ ਤੌਰ 'ਤੇ ਸਹਿਜ ਪਾਠ ਦੇ ਭੋਗ ਦੁਪਹਿਰ 12 ਵਜੇ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਪੱਤੀ ਰੰਧਾਵਾ ਲੌਂਗੋਵਾਲ ਵਿਖੇ ਪਾਏ ਜਾਣਗੇ।

cherry

This news is Content Editor cherry