ਲੌਂਗੋਵਾਲ ਹਾਦਸੇ ’ਚ ਜ਼ਿੰਦਾ ਸੜੇ 4 ਬੱਚਿਆਂ ਮਗਰੋਂ ਜਾਗੀ ਪੰਜਾਬ ਸਰਕਾਰ

02/17/2020 10:14:37 AM

ਦੀਨਾਨਗਰ (ਦੀਪਕ) - ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ’ਤੇ ਸਮੂਹ ਜ਼ਿਲ੍ਹਿਆਂ ਦੇ ਐੱਸ.ਡੀ.ਐੱਮ, ਤਹਿਸੀਲਦਾਰਾਂ ਵਲੋਂ ਸਾਰੇ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ’ਚ ਐੱਸ.ਡੀ.ਐੱਮ. ਦੀਨਾਨਗਰ ਰਮਨ ਕੋਸ਼ੜ ਤੇ ਹੋਰ ਟ੍ਰੈਫਿਕ ਪੁਲਸ ਟੀਮ ਵਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਵੱਡੀ ਗਿਣਤੀ ’ਚ ਸਕੂਲੀ ਵਾਹਨਾਂ ’ਚ ਖਾਮੀਆਂ ਪਾਈਆਂ ਗਈਆਂ, ਜਿਸ ਕਾਰਨ ਕਰੀਬ ਡੇਢ ਦਰਜਨ ਸਕੂਲੀ ਵਾਹਨਾਂ ਦੇ ਮੌਕੇ ’ਤੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਸਕੂਲੀ ਵਾਹਨਾਂ ਨੂੰ ਹਿਦਾਇਤ ਵੀ ਜਾਰੀ ਕੀਤੀਆਂ ਗਈਆਂ ।

ਐੱਸ.ਡੀ.ਐੱਮ. ਦੀਨਾਨਗਰ ਰਮਨ ਕੋਸ਼ੜ ਨੇ ਪੱਤਰਕਾਰ ਨੂੰ ਦੱਸਿਆ ਕਿ ਲੌਂਗੋਵਾਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਸੇਫ ਸਕੂਲ ਵਾਹਨ ਨਿਯਮਾਂ ਤਹਿਤ ਇਹ ਚੈਕਿੰਗ ਸ਼ੁਰੂ ਕੀਤੀ ਗਈ ਹੈ, ਜੋ ਨਿਰੰਤਰ ਜਾਰੀ ਰਹੇਗੀ। ਇਸ ਦੌਰਾਨ ਭਾਰੀ ਮਾਤਰਾ ’ਚ ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ ਤੇ ਇੰਪਾਊਂਡ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਕੂਲੀ ਵਾਹਨਾਂ ’ਚ ਜ਼ਿਆਦਾਤਰ ਓਵਰਲੋਡਿੰਗ ਅਤੇ ਸੇਫਟੀ ਦਾ ਸਾਜੋ ਸਾਮਾਨ ਨਾ ਹੋਣ ਦੀਆਂ ਕਾਫੀ ਕਮੀਆਂ ਪਾਈਆਂ ਗਈਆਂ ।

ਐੱਸ.ਡੀ.ਐੱਮ. ਨੇ ਦੱਸਿਆ ਸੇਫ ਸਕੂਲ ਵਾਹਨ ਨਿਯਮਾਂ ਤਹਿਤ ਵਾਹਨਾਂ ’ਚ ਸਾਰਾ ਸਾਜ਼ੋ ਸਾਮਾਨ ਪੂਰਾ ਹੋਣਾ ਚਾਹੀਦਾ ਹੈ। ਕਿਸੇ ਵੀ ਹਾਦਸੇ ’ਚ ਜਿੰਨੀ ਜ਼ਿੰਮੇਵਾਰੀ ਵਾਹਨ ਚਾਲਕ ਦੀ ਹੋਵੇਗੀ, ਉੱਨੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਵੀ ਹੋਵੇਗੀ । ਦੱਸ ਦੇਈਏ ਕਿ ਭਲੇ ਹੀ ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਸਰਕਾਰ ਦੀ ਕੁੰਭਕਰਨੀ ਨੀਂਦ ਟੁੱਟ ਗਈ ਹੈ ਪਰ ਜੇਕਰ ਇਸੇ ਤਰ੍ਹਾਂ ਸਖ਼ਤੀ ਨਾਲ ਚੈਕਿੰਗ ਕੀਤੀ ਜਾਵੇ ਤੇ ਈਮਾਨਦਾਰੀ ਨਾਲ ਕਾਰਵਾਈ ਕੀਤੀ ਜਾਵੇ ਤਾਂ ਸ਼ਾਇਦ ਭਵਿੱਖ ’ਚ ਮੁੜ ਅਜਿਹਾ ਹਾਦਸਾ ਨਹੀਂ ਹੋਵੇਗਾ।  

rajwinder kaur

This news is Content Editor rajwinder kaur