ਲੌਂਗੋਵਾਲ ਹਾਦਸੇ ਤੋਂ ਬਾਅਦ ਮਾਛੀਵਾੜਾ ਪੁਲਸ ਆਈ ਹਰਕਤ ''ਚ

02/18/2020 3:00:52 PM

ਮਾਛੀਵਾੜਾ ਸਾਹਿਬ (ਟੱਕਰ) : ਲੌਂਗੋਵਾਲ ਵਿਖੇ ਸਕੂਲੀ ਵੈਨ 'ਚ ਵਾਪਰੇ ਦਰਦਨਾਕ ਹਾਦਸੇ ਵਿਚ 4 ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਸਾਰੇ ਸੂਬੇ ਅੰਦਰ ਪੁਲਸ ਪ੍ਰਸ਼ਾਸਨ ਹਰਕਤ 'ਚ ਆਇਆ ਹੈ ਜਿਸ ਤਹਿਤ ਮਾਛੀਵਾੜਾ ਵਿਚ ਵੀ ਅੱਜ ਤੜਕਸਾਰ ਐੱਸ. ਡੀ. ਐੱਮ ਸਮਰਾਲਾ ਗੀਤਿਕਾ ਸਿੰਘ ਅਤੇ ਡੀ. ਐੱਸ. ਪੀ. ਸਮਰਾਲਾ ਐੱਚ.ਐੱਸ. ਮਾਨ ਨੇ ਨਾਕਾਬੰਦੀ ਕਰ ਵਾਹਨਾਂ ਦੀ ਜਾਂਚ ਕਰ ਕਈਆਂ ਦੇ ਚਲਾਨ ਕੱਟੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਗੀਤਿਕਾ ਸਿੰਘ ਨੇ ਦੱਸਿਆ ਕਿ ਸਕੂਲੀ ਵੈਨਾਂ 'ਚ ਪੜ੍ਹਾਈ ਕਾਰਨ ਮਾਸੂਮ ਜ਼ਿੰਦਗੀਆਂ ਰੋਜ਼ਾਨਾ ਸਫ਼ਰ ਕਰਦੀਆਂ ਹਨ ਇਸ ਲਈ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜੋ ਖਸਤਾ ਹਾਲਤ ਬੱਸਾਂ ਬੱਚਿਆਂ ਦੀ ਢੋਆ-ਢੁਆਈ ਕਰਦੀਆਂ ਹਨ ਉਨ੍ਹਾਂ ਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇਗਾ, ਉਸ ਤੋਂ ਬਾਅਦ ਜਿਹੜੇ ਵਾਹਨਾਂ ਕੋਲ ਦਸਤਾਵੇਜ਼ ਪੂਰੇ ਹਨ ਉਹੀ ਸੜਕਾਂ 'ਤੇ ਚੱਲ ਸਕਣਗੇ।

ਐੱਸ. ਡੀ. ਐੱਮ. ਸਮਰਾਲਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਸ਼ਬਦਾਂ 'ਚ ਨਿਰਦੇਸ਼ ਦਿੱਤੇ ਗਏ ਹਨ ਕਿ ਬੱਚਿਆਂ ਦੀ ਸੁਰੱਖਿਆ ਲਈ ਠੋਸ ਕਦਮ ਉਠਾਉਣ ਜਿਸ ਤਹਿਤ ਹਰੇਕ ਬੱਸ 'ਚ ਡਰਾਇਵਰ ਨਾਲ ਸਹਾਇਕ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਲੋੜ ਤੋਂ ਵੱਧ ਬੱਚੇ ਬਿਠਾਉਣ ਵਾਲਿਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਡੀ.ਐਸ.ਪੀ. ਸਮਰਾਲਾ ਐੱਚ.ਐੱਸ. ਮਾਨ ਨੇ ਕਿਹਾ ਕਿ ਮਾਛੀਵਾੜਾ-ਸਮਰਾਲਾ ਦੋਵੇਂ ਥਾਣਿਆਂ 'ਚ ਤਾਇਨਾਤ ਅਧਿਕਾਰੀਆਂ ਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਵੇਰ ਤੇ ਸ਼ਾਮ ਨਾਕਾਬੰਦੀ ਕਰ ਵਾਹਨਾਂ ਦੀ ਜਾਂਚ ਕਰ ਬਣਦੀ ਕਾਰਵਾਈ ਕਰਨ ਅਤੇ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ।

Gurminder Singh

This news is Content Editor Gurminder Singh