ਲੋਕ ਸਭਾ ਸੀਟ ਅੰਮ੍ਰਿਤਸਰ 'ਤੇ ਇਕ ਝਾਤ, ਜਿੱਥੇ ਕਾਂਗਰਸ ਦਾ ਰਿਹੈ ਦਬਦਬਾ

01/19/2019 4:32:26 PM

ਅੰਮ੍ਰਿਤਸਰ— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀ ਸਰਗਰਮ ਹੋ ਗਈਆਂ ਹਨ। ਚੋਣਾਂ ਨੂੰ ਲੈ ਕੇ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 5 ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ ਹਨ। ਕੁਲਦੀਪ ਸਿੰਘ ਧਾਲੀਵਾਲ (ਅੰਮ੍ਰਿਤਸਰ), ਭਗਵੰਤ ਮਾਨ (ਸੰਗਰੂਰ), ਸਾਧੂ ਸਿੰਘ (ਫਰੀਦਕੋਟ), ਡਾ. ਰਵਜੋਤ ਸਿੰਘ (ਹੁਸ਼ਿਆਰਪੁਰ) ਅਤੇ ਨਰਿੰਦਰ ਸਿੰਘ ਸ਼ੇਰਗਿੱਲ (ਆਨੰਦਪੁਰ ਸਾਹਿਬ) ਸੀਟ ਤੋਂ ਚੋਣ ਲੜਨਗੇ। ਉੱਥੇ ਹੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਕਰਨੇ ਅਜੇ ਬਾਕੀ ਹਨ। ਜੇਕਰ ਗੱਲ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਇੱਥੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਦਬਦਬਾ ਰਿਹਾ ਹੈ। 

ਆਓ ਮਾਰਦੇ ਹਾਂ ਇਕ ਝਾਤ ਅੰਮ੍ਰਿਤਸਰ ਸੀਟ 'ਤੇ
ਅੰਮ੍ਰਿਤਸਰ ਸੀਟ ਦੇ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਇੱਥੇ 16 ਵਾਰ ਲੋਕ ਸਭਾ ਚੋਣਾਂ ਹੋਈਆਂ, ਜਦਕਿ 3 ਵਾਰ ਜ਼ਿਮਨੀ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਦੌਰਾਨ ਤਕਰੀਬਨ 11 ਵਾਰ ਕਾਂਗਰਸ ਦਾ ਕਬਜ਼ਾ ਰਿਹਾ, ਜਦਕਿ ਸਾਲ 4 ਵਾਰ ਭਾਜਪਾ ਜਿੱਤੀ। ਇਕ ਵਾਰ ਆਜ਼ਾਦ ਅਤੇ ਇਕ ਵਾਰ ਭਾਰਤੀ ਜਨ ਸੰਘ ਜੇਤੂ ਰਹੀ। ਜੇਕਰ ਗੱਲ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਭਾਜਪਾ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ ਹਰਾਇਆ ਸੀ। ਸਿੱਧੂ ਨੂੰ 3,92,046 ਵੋਟਾਂ ਪਈਆਂ ਸਨ, ਜਦਕਿ ਓਮ ਪ੍ਰਕਾਸ਼ ਸੋਨੀ ਨੂੰ 3,85,188 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ ਹੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪਾਰਟੀ ਦੇ ਅਰੁਣ ਜੇਤਲੀ ਵਿਰੁੱਧ ਚੋਣ ਲੜੀ ਸੀ। ਕੈਪਟਨ ਅਮਰਿੰਦਰ ਸਿੰਘ ਨੇ 4,82,876 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਅਰੁਣ ਜੇਤਲੀ 3,80,106 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਉਮੀਦਵਾਰ ਦੇ ਤੌਰ 'ਤੇ ਨਵਜੋਤ ਸਿੰਘ ਸਿੱਧੂ ਨੂੰ 2004, 2007 (ਜ਼ਿਮਨੀ ਚੋਣ) ਅਤੇ 2009 'ਚ ਜੇਤੂ ਰਹੇ। ਮੌਜੂਦਾ ਸਮੇਂ ਵਿਚ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਹਨ। 

ਅੰਮ੍ਰਿਤਸਰ ਸੀਟ ਦਾ ਆਬਾਦੀ ਵੇਰਵਾ
ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਪੇਂਡੂ ਅਤੇ ਸ਼ਹਿਰੀ ਆਬਾਦੀ ਵੱਲ ਝਾਤ ਮਾਰੀ ਜਾਵੇ ਤਾਂ ਇੱਥੇ ਪੇਂਡੂ ਆਬਾਦੀ 39 ਫੀਸਦੀ, ਸ਼ਹਿਰੀ ਆਬਾਦੀ-61 ਫੀਸਦੀ, ਐੱਸ. ਸੀ.-29 ਫੀਸਦੀ, ਐੱਸ. ਟੀ-0 ਫੀਸਦੀ, ਹਿੰਦੂ-35 ਫੀਸਦੀ, ਮੁਸਲਿਮ-5 ਫੀਸਦੀ, ਈਸਾਈ-5 ਫੀਸਦੀ, ਜੈਨ-5 ਫੀਸਦੀ, ਬੌਧ-5 ਫੀਸਦੀ ਹਨ। ਸਭ ਤੋਂ ਵਧ ਗਿਣਤੀ ਸਿੱਖਾਂ ਦੀ ਹੈ, ਜਿਨ੍ਹਾਂ ਦੀ ਗਿਣਤੀ 70 ਫੀਸਦੀ ਹੈ। 

Tanu

This news is Content Editor Tanu