''ਆਪ'' ਨੇ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦੇ ਨਾਵਾਂ ''ਤੇ ਲਾਈ ਮੋਹਰ!

10/30/2018 12:23:38 PM

ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਸਾਰੀਆਂ ਸਿਆਸੀ ਜਮਾਤਾਂ ਨੂੰ ਪਿੱਛੇ ਛੱਡਦਿਆਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਫਾਈਨਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੱਲੋਂ ਹਾਈਕਮਾਨ ਨੂੰ ਕੁਝ ਉਮੀਦਵਾਰਾਂ ਦੀ ਸੂਚੀ ਸੌਂਪੀ ਗਈ ਸੀ, ਜਿਸ 'ਚੋਂ 5 ਉਮੀਦਵਾਰਾਂ ਦੇ ਨਾਵਾਂ 'ਤੇ ਲਗਭਗ ਮੋਹਰ ਲੱਗ ਚੁੱਕੀ ਹੈ।  ਚਰਚਾ ਹੈ ਕਿ ਇਸ ਸੂਚੀ 'ਚ ਦੋ ਸਿਟਿੰਗ ਐੱਮ. ਪੀਜ਼. ਸੰਗਰੂਰ ਤੋਂ ਭਗਵੰਤ ਮਾਨ ਅਤੇ ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ ਦਾ ਨਾਮ ਤੈਅ ਹੈ ।ਅੰਿਮ੍ਰਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ 'ਤੇ ਪਾਰਟੀ ਭਰੋਸਾ ਜਤਾ ਸਕਦੀ ਹੈ।

ਕੁਲਦੀਪ ਸਿੰਘ ਧਾਲੀਵਾਲ ਪਾਰਟੀ ਦੇ ਪੁਰਾਣੇ ਵਰਕਰ ਮੰਨੇ ਜਾਂਦੇ ਹਨ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਅਮਰੀਕਾ ਦੀ ਸਿਟੀਜਨਸ਼ਿਪ ਛੱਡ ਕੇ ਭਾਰਤ ਆਏ ਸਨ ਤੇ ਰਾਜਾਸਾਂਸੀ ਜਾਂ ਅਜਨਾਲਾ ਤੋਂ ਚੋਣ ਲੜਨ ਦੇ ਇੱਛੁਕ ਸਨ। ਇਨ੍ਹਾਂ ਦਾ ਪਿੰਡ ਜਗਦੇਵ ਕਲਾਂ ਦੱਸਿਆ ਜਾ ਰਿਹਾ ਹੈ। ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਦਾ ਨਾਮ ਆ ਰਿਹਾ ਹੈ, ਜੋ ਸ਼ਾਮ ਚੁਰਾਸੀ ਤੋਂ ਪਿਛਲੀ ਵਿਧਾਨ ਸਭਾ ਚੋਣ ਲੜੇ ਸਨ ਪਰ ਹਾਰ ਮਿਲੀ ਸੀ। ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਨੂੰ ਟਿਕਟ ਮਿਲ ਸਕਦੀ ਹੈ, ਜੋ ਪਿਛਲੀਆਂ ਵਿਧਾਨ ਸਭਾ ਚੋਣਾ ਵੇਲੇ ਖਰੜ ਤੋਂ ਚੋਣ ਲੜਨ ਦੇ ਇੱਛੁਕ ਸਨ। ਖਬਰ ਮਿਲੀ ਹੈ ਕਿ ਅੱਜ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਪਣੇ ਕਾਡਰ ਸਮੇਤ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ।

ਪਾਰਟੀ ਸੂਤਰਾਂ ਮੁਤਾਬਕ ਐਤਵਾਰ ਨੂੰ ਪੰਜਾਬ 'ਆਪ' ਕੋਰ ਕਮੇਟੀ ਦੇ ਮੈਂਬਰਾਂ ਦੀ ਦਿੱਲੀ 'ਚ ਹਾਈਕਮਾਨ ਨਾਲ ਬੈਠਕ ਤੈਅ ਕੀਤੀ ਗਈ ਸੀ ਅਤੇ ਇਸ 'ਚ ਆਪ ਕੋਰ ਕਮੇਟੀ ਮੈਂਬਰ ਕਮੇਟੀ ਦੇ ਚੇਅਰਮੈਨ ਬੁੱਧਰਾਮ ਦੀ ਅਗਵਾਈ 'ਚ ਦਿੱਲੀ ਪੁੱਜੇ ਸਨ। ਜਾਣਕਾਰੀ ਮੁਤਾਬਕ ਬੈਠਕ 'ਚ ਅਗਲੀ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕੀਤੀ ਗਈ ਅਤੇ ਹਾਈਕਮਾਨ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਪੰਜ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦੀ ਤਿਆਰੀ ਪੂਰੀ ਕਰ ਲਈ ਗਈ ਹੈ।