ਅਕਾਲੀ ਦਲ ਦੀ ਸ੍ਰੀ ਆਨੰਦਪੁਰ ਸਾਹਿਬ ਸੀਟ ''ਤੇ ਭਾਜਪਾ ਦਾ ਦਾਅਵਾ

04/09/2018 5:04:49 PM

ਸ੍ਰੀ ਆਨੰਦਪੁਰ ਸਾਹਿਬ— 2019 ਦੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ 'ਚ ਸਿਆਸੀ ਪਾਰਟੀਆਂ 'ਚ ਹਲਚਲ ਸ਼ੁਰੂ ਹੋ ਗਈ ਹੈ। ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਚੰਦੂਮਾਜਰਾ ਇਸ ਸੀਟ ਤੋਂ ਸੰਸਦ ਮੈਂਬਰ ਹਨ। ਇਨ੍ਹਾਂ ਸਾਰਿਆਂ 'ਚ ਹੁਣ ਇਸ ਸੀਟ 'ਤੇ ਭਾਜਪਾ ਵੱਲੋਂ ਆਪਣਾ ਦਾਅਵਾ ਠੋਕਿਆ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਸਕੱਤਰ ਡਾ. ਸੁਭਾਸ਼ ਸ਼ਰਮਾ ਹਲਕੇ ਤੋਂ ਸਰਗਰਮ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਲੋਕਸਭਾ ਹਲਕੇ ਨੂੰ ਲੈ ਕੇ ਡਾ. ਸੁਭਾਸ਼ ਸ਼ਰਮਾ ਫਾਰ ਆਨੰਦਪੁਰ ਸਾਹਿਬ ਲੋਕਸਭਾ ਨਾਂ ਦਾ ਫੇਸਬੁੱਕ ਪੇਜ਼ ਵੀ ਤਿਆਰ ਕਰ ਲਿਆ ਹੈ, ਜਿਸ ਦੇ ਜ਼ਰੀਏ ਉਹ ਲੋਕÎਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਇਸ ਕੋਸ਼ਿਸ਼ ਤੋਂ ਸਾਫ ਹੈ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਇਸ ਸੀਟ 'ਤੇ ਅਕਾਲੀ-ਭਾਜਪਾ 'ਚ ਖਿੱਚੋਤਾਣੀ ਦੀ ਪੂਰੀ ਸੰਭਾਵਨਾ ਹੈ। ਸ਼ਰਮਾ ਨੇ ਇਕਨੋਮਿਕਸ 'ਚ ਪੀ.ਐੱਚ.ਡੀ. ਕੀਤੀ ਹੈ ਅਤੇ ਪੰਜਾਬ ਭਾਜਪਾ ਦੀ ਪਹਿਲੀ ਕਤਾਰ ਦੇ ਨੇਤਾਵਾਂ 'ਚ ਸ਼ਾਮਲ ਹਨ। ਸ਼ਰਮਾ ਦੇ ਸਰਗਰਮ ਹੋਣ ਨਾਲ ਅਕਾਲੀ ਹੀ ਨਹੀਂ ਸਗੋਂ ਭਾਜਪਾ ਦੇ ਵਰਕਰ ਵੀ ਹੈਰਾਨ ਹਨ। ਇਸ ਦਾ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਕੀ ਭਾਜਪਾ ਅਗਲੀਆਂ ਚੋਣਾਂ ਅਕਾਲੀ ਦਲ ਨਾਲ ਗਠਜੋੜ ਤੋੜ ਕੇ ਆਪਣੇ ਬਲਬੂਤੇ 'ਤੇ ਪੰਜਾਬ ਤੋਂ ਲੜਨ ਦੀ ਪਲਾਨਿੰਗ 'ਚ ਹੈ ਜਾਂ ਫਿਰ ਲੋਕਸਭਾ ਸੀਟਾਂ ਦੀ ਗਿਣਤੀ ਦਾ ਆਪਣਾ ਕੋਟਾ ਅਕਾਲੀ ਦਲ ਨਾਲੋਂ ਵਧਾਉਣ ਲਈ ਦਬਾਅ ਬਣਾਉਣ ਦੀ ਰਣਨੀਤੀ ਦੇ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। 
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਜ਼ਦੀਕੀ ਪੰਜਾਬ ਭਾਜਪਾ ਦੇ ਸਕੱਤਰ ਡਾ. ਸ਼ਰਮਾ ਦੀ ਸਰਗਰਮੀ ਭਾਜਪਾ ਦੀ ਉਸ ਰਣਨੀਤੀ ਦੇ ਤੌਰ 'ਤੇ ਸਾਹਮਣੇ ਆ ਰਹੀ ਹੈ, ਜਿਸ ਦੇ ਤਹਿਤ ਭਾਜਪਾ ਪੰਜਾਬ 'ਚ ਕੁੱਲ ਲੋਕਸਭਾ ਦੀਆਂ 13 ਸੀਟਾਂ 'ਚੋਂ ਮਿਲਣ ਵਾਲੀਆਂ 3 ਸੀਟਾਂ ਨੂੰ ਵਧਾਉਣ ਦੀ ਕੋਸ਼ਿਸ਼ 'ਚ ਹੈ। ਅਕਾਲੀ ਦਲ ਭਾਜਪਾ ਨੂੰ 13 'ਚੋਂ ਸਿਰਫ 3 ਸੀਟਾਂ ਹੀ ਦਿੰਦਾ ਹੈ ਅਤੇ 10 'ਤੇ ਖੁਦ ਚੋਣਾਂ ਲੜਦਾ ਹੈ। ਇਸ ਵਾਰ ਭਾਜਪਾ 13 'ਚੋਂ 6 ਸੀਟਾਂ ਲੈਣ ਦੀ ਤਿਆਰੀ 'ਚ ਜੁਟੀ ਹੋਈ ਹੈ।
ਸ਼ਰਮਾ ਨੇ ਕਿਹਾ ਕਿ ਉਹ ਖੇਤਰ 'ਚ ਚੋਣਾਂ ਲੜਨ ਦੀ ਤਿਆਰੀ ਨਾਲ ਉਤਰੇ ਹਨ ਅਤੇ ਪਾਰਟੀ ਲਈ ਕੰਮ ਕਰਨਗੇ।  ਚੋਣਾਂ ਦੌਰਾਨ ਟਿਕਟ ਦੇਣਾ ਪਾਰਟੀ ਦਾ ਕੰਮ ਹੈ। ਫਿਲਹਾਲ ਲੋਕਾਂ ਤੱਕ ਪਾਰਟੀ ਦੀ ਵਿਚਾਰਧਾਰਾ ਨੂੰ ਪਹੁੰਚਾਇਆ ਜਾ ਰਿਹਾ ਹੈ। ਉਥੇ ਹੀ ਚੰਦੂਮਾਜਰਾ ਨੇ ਕਿਹਾ ਕਿ ਸ਼ਰਮਾ ਜੇਕਰ ਕੰਮ ਕਰ ਰਹੇ ਹਨ ਤਾਂ ਇਸ ਦਾ ਫਲ ਗਠਜੋੜ ਨੂੰ ਮਿਲੇਗਾ। ਚੋਣ ਲੜਨ ਲਈ ਆਪਣਾ ਦਾਅਵਾ ਠੋਕਣਾ ਅਤੇ ਮਿਹਨਤ ਕਰਨਾ ਸਾਰੀਆਂ ਪਾਰਟੀਆਂ ਦੇ ਵਰਕਰਾਂ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਟਿਕਟ ਪਾਰਟੀ ਦਿੰਦੀ ਹੈ ਅਤੇ ਗਠਜੋੜ ਦੇ ਮੁਤਾਬਕ ਫੈਸਲੇ ਹੁੰਦੇ ਹਨ। 
2008 'ਚ ਮਿਲਿਆ ਸ੍ਰੀ ਆਨੰਦਪੁਰ ਸਾਹਿਬ ਨੂੰ ਲੋਕਸਭਾ ਖੇਤਰ ਦਾ ਦਰਜਾ
ਰੋਪੜ ਲੋਕਸਭਾ ਦੇ ਹਲਕੇ ਦਾ ਹਿੱਸਾ ਰਹੇ ਸ੍ਰੀ ਆਨੰਦਪੁਰ ਸਾਹਿਬ ਨੂੰ ਸਾਲ 2008 'ਚ ਲੋਕਸਭਾ ਖੇਤਰ ਦਾ ਦਰਜਾ ਦਿੱਤਾ ਗਿਆ ਸੀ। ਲੋਕਸਭਾ ਹਲਕਾ ਬਣਾਏ ਜਾਣ ਦੇ ਬਾਅਦ ਪਹਿਲੀ ਚੋਣ 2009 'ਚ ਹੋਈ ਸੀ। ਪਹਿਲੀ ਵਾਰ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਹਰਾ ਕੇ ਇਹ ਸੀਟ ਕਾਂਗਰਸ ਦੀ ਝੋਲੀ 'ਚ ਪਾਈ ਸੀ। ਇਸ ਦੇ ਬਾਅਦ ਦੂਜੀ ਚੋਣ 2014 'ਚ ਹੋਈ। ਇਸ 'ਚ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੀ ਅੰਬਿਕਾ ਸੋਨੀ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ। ਇਨ੍ਹਾਂ ਚੋਣਾਂ 'ਚ 'ਆਪ' ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਵੀ ਚੋਣ ਮੈਦਾਨ 'ਚ ਸਨ। ਤ੍ਰਿਕੋਣੇ ਮੁਕਾਬਲੇ 'ਚ ਅਕਾਲੀ ਦਲ ਨੂੰ ਫਾਇਦਾ ਹੋਇਆ। ਹਲਕਾ ਬਣਨ ਦੇ ਬਾਅਦ 2019 'ਚ ਇਹ ਤੀਜੀਆਂ ਚੋਣਾਂ ਹੋਣਗੀਆਂ। ਇਸ ਚੋਣਾਂ 'ਚ ਅਕਾਲੀ-ਭਾਜਪਾ, ਕਾਂਗਰਸ ਅਤੇ 'ਆਪ' ਦੇ ਉਮੀਦਵਾਰਾਂ 'ਚ ਤ੍ਰਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ।