ਬਾਲਾਕੋਟ 'ਤੇ ਸਿਆਸੀ ਰੋਟੀਆਂ ਨਾ ਸੇਕਣ ਮੋਦੀ : ਪਰਨੀਤ ਕੌਰ

05/07/2019 11:57:32 AM

ਜਲੰਧਰ (ਰਮਨਦੀਪ ਸਿੰਘ ਸੋਢੀ)— ਪਟਿਆਲਾ ਲੋਕ ਸਭਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਾਲਾਕੋਟ ਹਮਲੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣਾ ਜਾਇਜ਼ ਨਹੀਂ ਹੈ। ਪੰਜਾਬ ਕੇਸਰੀ ਦੇ ਸਹਿਯੋਗੀ ਚੈਨਲ 'ਜਗ ਬਾਣੀ' ਟੀ. ਵੀ. ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਪਰਨੀਤ ਕੌਰ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਇਸ ਦਾ ਜਵਾਬ ਦੇਣਾ ਸਰਕਾਰ ਦੀ ਡਿਊਟੀ ਸੀ, ਇਸ ਲਈ ਇਸ ਦਾ ਸਿਆਸੀ ਫਾਇਦਾ ਨਹੀਂ ਲਿਆ ਜਾਣਾ ਚਾਹੀਦਾ। ਪਰਨੀਤ ਕੌਰ ਨੇ ਕਿਹਾ ਕਿ 1965 ਅਤੇ 1971 'ਚ ਕਾਂਗਰਸ ਦੀਆਂ ਸਰਕਾਰਾਂ ਨੇ ਵੀ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ ਪਰ ਉਸ ਦਾ ਕਦੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਮੌਜੂਦਾ ਸਰਕਾਰ ਰਾਸ਼ਟਰਵਾਦ ਨੂੰ ਮੁੱਦਾ ਬਣਾ ਕੇ ਚੋਣ ਲਾਭ ਲੈਣਾ ਚਾਹੁੰਦੀ ਹੈ ਪਰ ਇਹ ਉਚਿਤ ਨਹੀਂ ਹੈ।
ਰਾਹੁਲ ਗਾਂਧੀ, ਨਰਿੰਦਰ ਮੋਦੀ ਦੇ ਮੁਕਾਬਲੇ ਬਿਹਤਰ ਨੇਤਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਬਿਹਤਰ ਨੇਤਾ ਦੱਸਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਜੇ ਨਰਿੰਦਰ ਮੋਦੀ ਬਿਹਤਰ ਹੁੰਦੇ ਤਾਂ ਹਾਲ ਹੀ ਦੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਦੀ ਜਿੱਤ ਨਾ ਹੁੰਦੀ। ਇਨ੍ਹਾਂ ਚੋਣਾਂ ਦੌਰਾਨ 3 ਸੂਬਿਆਂ 'ਚ ਕਾਂਗਰਸ ਨੇ ਭਾਜਪਾ ਨੂੰ ਹਰਾਇਆ ਜਦਕਿ 2 ਹੋਰ ਸੂਬਿਆਂ 'ਚ ਵੀ ਭਾਜਪਾ ਸਰਕਾਰ ਨਹੀਂ ਬਣਾ ਸਕੀ, ਜਿਸ ਨਾਲ ਸਾਬਤ ਹੁੰਦਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਚ ਬਿਹਤਰ ਨੇਤਾ ਹਨ। ਪਰਨੀਤ ਕੌਰ ਨੇ ਕਿਹਾ ਕਿ ਉਹ ਸਥਾਨਕ ਮੁੱਦਿਆਂ ਦੇ ਨਾਲ-ਨਾਲ ਕਾਂਗਰਸ ਦੇ ਐਲਾਨ ਪੱਤਰ 'ਚ ਸ਼ਾਮਲ ਕੀਤੇ ਗਏ ਨਿਆਂ, ਖੇਤੀ ਬਜਟ ਅਤੇ ਵਿਆਜ ਰਹਿਤ ਸਿੱਖਿਆ ਲੋਨ ਦੀ ਯੋਜਨਾ ਨੂੰ ਜਨਤਾ 'ਚ ਲੈ ਕੇ ਜਾਵੇਗੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਪਟਿਆਲਾ ਦੀ ਜਨਤਾ ਇਸ ਦੇ ਹੱਕ ਵਿਚ ਫਤਵਾ ਦੇਵੇਗੀ।
ਮੇਰਾ ਮੁਕਾਬਲਾ ਉਨ੍ਹਾਂ ਨਾਲ ਜਿਨ੍ਹਾਂ ਪਿੱਛੇ ਪਾਰਟੀ ਦਾ ਸੰਗਠਨ ਕੰਮ ਕਰ ਰਿਹੈ
ਪਰਨੀਤ ਕੌਰ ਨੇ ਕਿਹਾ ਕਿ ਚੋਣਾਂ 'ਚ ਉਨ੍ਹਾਂ ਦਾ ਮੁਕਾਬਲਾ ਉਨ੍ਹਾਂ ਉਮੀਦਵਾਰਾਂ ਨਾਲ ਹੈ, ਜਿਨ੍ਹਾਂ ਦੇ ਪਿੱਛੇ ਪਾਰਟੀ ਦਾ ਸੰਗਠਨ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਧਰਮਵੀਰ ਗਾਂਧੀ ਵੀ ਚੋਣ ਮੈਦਾਨ 'ਚ ਹਨ ਪਰ ਅਕਾਲੀ ਦਲ ਦੇ ਉਮੀਦਵਾਰ ਨੂੰ ਧਰਮਵੀਰ ਗਾਂਧੀ ਦੇ ਮੁਕਾਬਲੇ ਜ਼ਿਆਦਾ ਵੋਟ ਮਿਲਣਗੇ। ਇਸ ਦਾ ਕਾਰਨ ਉਨ੍ਹਾਂ ਦੇ ਪਿੱਛੇ ਸੰਗਠਨ ਦੀ ਤਾਕਤ ਦਾ ਹੋਣਾ ਹੈ।
ਧਰਮਵੀਰ ਗਾਂਧੀ ਦੇ ਰਿਕਸ਼ਾ 'ਤੇ ਚੋਣ ਪ੍ਰਚਾਰ ਕਰਨ ਨੂੰ ਸਿਆਸੀ ਸਟੰਟ ਦੱਸਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਉਹ 5 ਸਾਲ ਤੱਕ ਰਿਕਸ਼ੇ 'ਤੇ ਨਜ਼ਰ ਕਿਉਂ ਨਹੀਂ ਆਏ। ਉਹ ਹੁਣ ਚੋਣਾਂ 'ਚ ਹਮਦਰਦੀ ਬਟੋਰਨ ਲਈ ਸਿਆਸੀ ਡਰਾਮੇ ਕਰ ਰਹੇ ਹਨ। ਪਟਿਆਲਾ ਦੇ ਕਈ ਅਜਿਹੇ ਪਿੰਡ ਹਨ, ਜਿਨ੍ਹਾਂ ਦੇ ਲੋਕਾਂ ਨੇ 2014 ਦੀ ਜਿੱਤ ਤੋਂ ਬਾਅਦ ਧਰਮਵੀਰ ਗਾਂਧੀ ਦੀ ਸੂਰਤ ਤੱਕ ਨਹੀਂ ਦੇਖੀ। ਉਹ ਪਿੰਡ 'ਚ ਲੋਕਾਂ ਵਿਚ ਨਹੀਂ ਜਾਂਦੇ।
ਪਟਿਆਲਾ-ਚੰਡੀਗੜ੍ਹ ਰੇਲ ਲਾਈਨ ਨੂੰ ਆਪਣੀ ਉਪਲੱਬਧੀ ਦੱਸਣ ਵਾਲੇ ਧਰਮਵੀਰ ਗਾਂਧੀ ਨੂੰ ਜਵਾਬ ਦਿੰਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਹੁੰਦਾ ਬਲਕਿ ਇਸ 'ਚ ਸਰਕਾਰ ਦੀ ਭੂਮਿਕਾ ਹੁੰਦੀ ਹੈ। ਰੇਲਵੇ ਦੇ ਕੰਮ ਦੀ ਲੰਬੀ ਪ੍ਰਕਿਰਿਆ ਹੈ। ਕਿਸੇ ਵੀ ਜਗ੍ਹਾ 'ਤੇ ਰੇਲ ਲਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਰਵੇ ਕੀਤਾ ਜਾਂਦਾ ਹੈ, ਉਸ ਦੇ ਬਾਅਦ ਉਸ ਦੀ ਵਿਵਹਾਰਿਕਤਾ ਦੀ ਰਿਪੋਰਟ ਬਣਦੀ ਹੈ, ਫਿਰ ਇਹ ਰਿਪੋਰਟ ਮੰਤਰਾਲਾ ਨੂੰ ਜਾਂਦੀ ਹੈ ਅਤੇ ਮੰਤਰਾਲਾ ਅੰਤ 'ਚ ਇਸ 'ਤੇ ਫੈਸਲਾ ਲੈਂਦਾ ਹੈ। ਹੋ ਸਕਦਾ ਹੈ ਬਤੌਰ ਸੰਸਦ ਮੈਂਬਰ ਉਨ੍ਹਾਂ ਨੇ ਸਦਨ 'ਚ ਇਹ ਮਾਮਲਾ ਉਠਾਇਆ ਹੋਵੇ ਪਰ ਇਹ ਮਾਮਲਾ ਕਾਂਗਰਸ ਦੀ ਸਰਕਾਰ ਦੇ ਸਮੇਂ ਤੋਂ ਪੈਂਡਿੰਗ ਸੀ ਅਤੇ ਹੁਣ ਵੀ ਇਸ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਹੋਇਆ ਹੈ।
ਪਰਨੀਤ ਕੌਰ ਨੇ ਕਿਹਾ ਕਿ ਉਹ ਬਤੌਰ ਸੰਸਦ ਮੈਂਬਰ ਪਟਿਆਲਾ 'ਚ ਫੁਟਵੀਅਰ ਡਿਜ਼ਾਈਨ ਇੰਸਟੀਚਿਊਟ ਲੈ ਕੇ ਆਈ। 550 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਇੰਸਟੀਚਿਊਟ ਵਿਚ 1000 ਬੱਚਿਆਂ ਨੂੰ ਹੁਨਰ ਮਿਲ ਰਿਹਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਲਈ 150 ਕਰੋੜ ਰੁਪਏ ਦਾ ਮਲਟੀ ਸਪੈਸ਼ਲਿਟੀ ਸੈਂਟਰ ਮਨਜ਼ੂਰ ਕਰਵਾਇਆ। ਪੰਜਾਬ ਵਿਚ ਕੈ. ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ ਪਟਿਆਲਾ ਵਿਚ 200 ਕਰੋੜ ਰੁਪਏ ਦੇ ਵਿਕਾਸ ਕੰਮ ਹੋ ਚੁੱਕੇ ਹਨ ਅਤੇ 700 ਕਰੋੜ ਰੁਪਏ ਦੇ ਸਾਫ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਪਾਈਪ ਲਾਈਨ 'ਚ ਹੈ।
ਸੁਖਬੀਰ ਦੀਆਂ 10 ਰੈਲੀਆਂ 'ਚ ਵੀ ਉਨੇ ਲੋਕ ਇਕੱਠੇ ਨਹੀਂ ਹੁੰਦੇ, ਜਿੰਨੇ ਕੈਪਟਨ ਦੀ ਇਕ ਰੈਲੀ 'ਚ ਹੁੰਦੇ ਨੇ 
ਸੁਖਬੀਰ ਵੱਲੋਂ ਕੈ. ਅਮਰਿੰਦਰ ਸਿੰਘ 'ਤੇ ਲਾਏ ਗਏ ਐਸ਼ਪ੍ਰਸਤੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਬਿਹਤਰ ਪ੍ਰਬੰਧਨ ਨਾਲ ਕੰਮ ਕਰਦੇ ਹਨ ਲਿਹਾਜਾ ਸੁਖਬੀਰ ਦੀਆਂ 10 ਰੈਲੀਆਂ ਵਿਚ ਜਿੰਨੇ ਲੋਕ ਆਉਂਦੇ ਹਨ ਓਨੇ ਮੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਇਕ ਰੈਲੀ ਵਿਚ ਹੀ ਆ ਜਾਂਦੇ ਹਨ। ਜੇ ਉਹ ਜਨਤਾ ਦੀ ਪਹੁੰਚ 'ਚ ਨਾ ਹੋਣ ਤਾਂ ਉਨ੍ਹਾਂ ਦੀ ਲੋਕਪ੍ਰਿਯਤਾ ਕਿਵੇਂ ਵੱਧ ਸਕਦੀ ਹੈ। ਅਕਾਲੀ ਦਲ ਨੂੰ ਤਾਂ ਲੋਕਾਂ ਨੇ ਤੀਸਰੇ ਨੰਬਰ 'ਤੇ ਧੱਕ ਦਿੱਤਾ ਹੈ। ਪਰਨੀਤ ਕੌਰ ਨੇ ਕਿਹਾ ਕਿ ਜਲਦੀ ਹੀ ਕੈ. ਅਮਰਿੰਦਰ ਸਿੰਘ ਪਟਿਆਲਾ ਵਿਚ ਉਨ੍ਹਾਂ ਲਈ ਚੋਣ ਪ੍ਰਚਾਰ ਲਈ ਵੀ ਆਉਣਗੇ ਅਤੇ 3-4 ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ।
ਪਰਨੀਤ ਕੌਰ ਨੇ ਕਿਹਾ ਕਿ ਲੋਕ ਸਭਾ ਦੀਆਂ ਜਿਨ੍ਹਾਂ ਸੀਟਾਂ 'ਤੇ ਵੱਡੇ ਚਿਹਰੇ ਚੋਣ ਲੜ ਰਹੇ ਹਨ ਉਨ੍ਹਾਂ ਸੀਟਾਂ 'ਤੇ ਮੁਕਾਬਲਾ ਦਿਲਚਸਪ ਹੈ ਪਰ ਕਾਂਗਰਸ ਇਨ੍ਹਾਂ ਸੀਟਾਂ 'ਤੇ ਚੋਣ ਜ਼ਰੂਰ ਜਿੱਤੇਗੀ ਕਿਉਂਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੋਣ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਪਿਛਲੇ 2 ਸਾਲਾਂ 'ਚ ਕੀਤੇ ਗਏ ਕੰਮ ਤੋਂ ਸੰਤੁਸ਼ਟ ਹਨ।

shivani attri

This news is Content Editor shivani attri