2019 ਦੀਆਂ ਚੋਣਾਂ 'ਚ ਐੱਨ. ਆਰ. ਆਈ. ਪੰਜਾਬੀਆਂ ਦਾ ਕਿਉਂ ਹੋਇਆ ਮੋਹ ਭੰਗ

05/20/2019 10:03:11 AM

ਜਲੰਧਰ (ਵਿਸ਼ੇਸ਼) : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਚੋਣਾਂ ਐਤਵਾਰ ਨੂੰ ਸਮਾਪਤ ਹੋ ਗਈਆਂ। ਹਿੰਸਾ ਦੀਆਂ ਕੁਝ ਘਟਨਾਵਾਂ ਵਿਚਕਾਰ ਇਸ ਵਾਰ ਵੋਟਾਂ 2014 ਦੇ ਮੁਕਾਬਲੇ ਘੱਟ ਹੋਈਆਂ ਹਨ। ਇਨ੍ਹਾਂ ਚੋਣਾਂ 'ਚ ਇਸ ਵਾਰ ਅਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਦੀ ਕਮੀ ਵੀ ਰੜਕੀ ਜਦੋਂਕਿ ਪਹਿਲਾਂ ਪੰਜਾਬ 'ਚ ਹੋਣ ਵਾਲੀਆਂ ਚੋਣਾਂ 'ਚ ਐੱਨ. ਆਰ. ਆਈਜ਼ ਦੀ ਖਾਸ ਭੂਮਿਕਾ ਦਿਖਾਈ ਦਿੰਦੀ ਸੀ। ਪੰਜਾਬ ਆਪਣੀ ਖੁਸ਼ਹਾਲੀ, ਖਾਣ-ਪੀਣ, ਪ੍ਰੰਪਰਾ ਅਤੇ ਸੰਸਕ੍ਰਿਤੀ ਲਈ ਮਸ਼ਹੂਰ ਹੈ। ਪੰਜਾਬੀਆਂ ਨੇ ਦੁਨੀਆ 'ਚ ਅਮਰੀਕਾ, ਕੈਨੇਡਾ, ਆਸਟਰੇਲੀਆ, ਜਰਮਨੀ ਤੇ ਇਟਲੀ ਸਮੇਤ ਕਈ ਦੇਸ਼ਾਂ 'ਚ ਆਪਣਾ ਘਰ ਬਣਾ ਰੱਖਿਆ ਹੈ ਜਦੋਂ ਵੀ ਪੰਜਾਬ 'ਚ ਚੋਣਾਂ ਹੁੰਦੀਆਂ ਹਨ ਇਨ੍ਹਾਂ ਦੇਸ਼ਾਂ 'ਚ ਵਸੇ ਪੰਜਾਬੀ ਪੰਜਾਬ ਵਲ ਦੌੜ ਪੈਂਦੇ ਹਨ ਤਾਂ ਕਿ ਉਹ ਲੋਕਤੰਤਰ ਦੇ ਉਤਸਵ 'ਚ ਹਿੱਸਾ ਲੈ ਸਕਣ। ਬਹੁਤ ਸਾਰੇ ਐੱਨ. ਆਰ. ਆਈਜ਼ ਤਾਂ ਚੋਣ ਮੁਹਿੰਮ 'ਚ ਵੀ ਹਿੱਸਾ ਲੈਂਦੇ ਹਨ ਅਤੇ ਕਦੇ-ਕਦੇ ਉਮੀਦਵਾਰ ਦੀ ਆਰਥਿਕ ਮਦਦ ਵੀ ਕਰਦੇ ਦਿਖਾਈ ਦਿੰਦੇ ਹਨ। 2017 'ਚ ਐੱਨ. ਆਰ. ਆਈਜ਼ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋਈਆਂ ਸਨ। ਪੰਜਾਬ 'ਚ ਸਭ ਤੋਂ ਵੱਧ ਗਿਣਤੀ 'ਚ ਐੱਨ. ਆਰ. ਆਈਜ਼ ਚੋਣ ਪ੍ਰਚਾਰ ਕਰਦੇ ਦੇਖੇ ਗਏ। ਇਹ ਪ੍ਰਵਾਸੀ ਆਪਣੇ ਪਿੰਡਾਂ-ਸ਼ਹਿਰਾਂ 'ਚ ਡੋਰ ਟੂ ਡੋਰ ਪ੍ਰਚਾਰ ਕਰਦੇ ਦੇਖੇ ਗਏ। 'ਪੰਜਾਬ ਚਲੋ ਮੁਹਿੰਮ' ਤਹਿਤ ਰੋਡ ਸ਼ੋਅ ਵੀ ਕੀਤੇ ਗਏ। 2019 ਦੀਆਂ ਚੋਣਾਂ 'ਚ ਐੱਨ. ਆਰ. ਆਈਜ਼ ਦੀ ਹਿੱਸੇਦਾਰੀ ਬਹੁਤ ਘੱਟ ਦਿਖਾਈ ਦਿੱਤੀ। ਦੋ ਸਾਲਾਂ 'ਚ ਅਜਿਹਾ ਕੀ ਹੋਇਆ ਕਿ ਐੱਨ. ਆਰ. ਆਈਜ਼. ਪੰਜਾਬ ਦੀਆਂ ਚੋਣਾਂ ਪ੍ਰਤੀ ਪਿਆਰ ਖਤਮ ਹੋ ਗਿਆ।

2017 ਦੀਆਂ ਚੋਣਾਂ 'ਚ ਐੱਨ. ਆਰ. ਆਈਜ਼ ਪ੍ਰਚਾਰਕਾਂ ਦੀ ਗਿਣਤੀ ਕਿੰਨੀ ਸੀ?
ਇਕ ਅੰਦਾਜ਼ੇ ਅਨੁਸਾਰ ਲਗਭਗ 5 ਹਜ਼ਾਰ ਐੱਨ. ਆਰ. ਆਈਜ਼ ਅਤੇ ਰਾਸ਼ਟਰੀ ਸਵੈ-ਸੇਵਕ ਆਪਣੀਆਂ-ਆਪਣੀਆਂ ਰਾਜਨੀਤਕ ਪਾਰਟੀਆਂ ਖਾਸ ਕਰ ਕੇ 'ਆਪ' ਦਾ ਸਮਰਥਨ ਕਰਨ ਲਈ ਪੰਜਾਬ ਆਏ ਸਨ। ਇਨ੍ਹਾਂ ਚੋਣਾਂ 'ਚ 'ਆਪ' ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਇਸ ਨੂੰ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੇ ਬਦਲ ਦੇ ਰੂਪ 'ਚ ਦੇਖਿਆ ਜਾਂਦਾ ਸੀ। ਐੱਨ. ਆਰ. ਆਈਜ਼. ਨੇ ਪੰਜਾਬ ਭਰ 'ਚ ਰੋਡ ਸ਼ੋਅ ਵੀ ਕੀਤੇ ਸਨ। 'ਆਪ' ਵੱਲੋਂ ਉਸ ਸਮੇਂ ਇਕ ਅਧਿਕਾਰਕ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਗਿਆ ਸੀ ਕਿ 35000 ਐੱਨ. ਆਰ. ਆਈਜ਼ ਨੇ ਪੰਜਾਬ ਦੀਆਂ 117 ਵਿਧਾਨ ਸਭਾ ਹਲਕਿਆਂ 'ਚ ਪਾਰਟੀ ਲਈ ਪ੍ਰਚਾਰ ਕੀਤਾ। ਇਹ ਵੀ ਕਿਹਾ ਕਿ ਆਪਣੇ ਖੁਦ ਦੇ ਖਰਚੇ 'ਤੇ ਇਹ ਪ੍ਰਚਾਰ ਕੀਤਾ ਗਿਆ। 2014 ਦੀਆਂ ਲੋਕ ਸਭਾ ਚੋਣਾਂ 'ਚ ਵੀ ਪੰਜਾਬ 'ਚ ਵੱਡੀ ਗਿਣਤੀ 'ਚ ਐੱਨ. ਆਰ. ਆਈਜ਼ ਪਹੁੰਚੇ ਸਨ। ਇਸ ਤੋਂ ਪਹਿਲਾਂ ਸੰਬੰਧਤ ਰਾਜਨੀਤਕ ਪਾਰਟੀਆਂ ਦੇ ਸਿਰਫ ਓਵਰਸੀਜ਼ ਮੈਂਬਰ ਹੀ ਸਮਰਥਨ ਕਰਨ ਨੂੰ ਪੰਜਾਬ ਆਉਂਦੇ ਸਨ। ਪਿਛਲੀਆਂ ਚੋਣਾਂ 'ਚ ਐੱਨ. ਆਰ. ਆਈਜ਼ ਨੇ ਚੋਣ ਫੰਡ ਦੇ ਰੂਪ 'ਚ ਉਮੀਦਵਾਰਾਂ ਨੂੰ ਖੁੱਲ੍ਹੇਆਮ ਆਰਥਿਕ ਮਦਦ ਵੀ ਦਿੱਤੀ।

2017 'ਚ ਐੱਨ. ਆਰ. ਆਈਜ਼ ਦਾ 'ਆਪ' ਵੱਲ ਝੁਕਾਅ ਕਿਉਂ?
ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ 70 'ਚੋਂ 64 ਸੀਟਾਂ 'ਤੇ ਮਿਲੀ ਵੱਡੀ ਜਿੱਤ ਤੋਂ ਬਾਅਦ ਪੰਜਾਬੀ ਐੱਨ. ਆਰ. ਆਈਜ਼ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪਿਚ ਤਿਆਰ ਕਰਨੀ ਸ਼ੁਰੂ ਕੀਤੀ। ਐੱਨ. ਆਰ. ਆਈਜ਼. ਮਹਿਸੂਸ ਕਰਦੇ ਸਨ ਕਿ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਪੰਜਾਬ 'ਚ ਨਸ਼ੇ ਦਾ ਖਾਤਮਾ ਕਰਨ 'ਚ ਅਸਫਲ ਰਹੀ ਹੈ। ਉਥੇ 2015 'ਚ ਪੰਜਾਬ 'ਚ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਵੀ ਐੱਨ. ਆਰ. ਆਈਜ਼ ਦਾ ਅਕਾਲੀ ਦਲ ਭਾਜਪਾ ਸਰਕਾਰ ਤੋਂ ਮਨ ਅੱਕ ਗਿਆ। ਉਥੇ ਐੱਨ. ਆਰ. ਆਈਜ਼ ਦਾ ਕਹਿਣਾ ਹੈ ਕਿ ਇਹ ਸਰਕਾਰਾਂ ਕਿਸਾਨੀ ਦੇ ਸੰਕਟ ਦਾ ਹੱਲ ਕੱਢਣ 'ਚ ਅਸਫਲ ਰਹੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਆਮ ਆਦਮੀ ਪਾਰਟੀ ਦੇ ਪੱਖ 'ਚ ਐੱਨ. ਆਰ. ਆਈਜ਼ ਇਕ ਲਹਿਰ ਬਣ ਗਈ। ਕੈਨੇਡਾ 'ਚ ਰਹਿੰਦੇ ਐੱਨ. ਆਰ. ਆਈ. ਜਿਨ੍ਹਾਂ ਨੇ 2014 ਤੇ 2017 ਦੀਆਂ ਚੋਣਾਂ 'ਚ ਪੰਜਾਬ 'ਚ 'ਆਪ' ਦੇ ਹੱਕ ਵਿਚ ਪ੍ਰਚਾਰ ਮੁਹਿੰਮ ਚਲਾਈ, ਨੇ ਕਿਹਾ ਕਿ 2017 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਵੱਡੀ ਲਹਿਰ ਚੱਲੀ ਸੀ। ਉਨ੍ਹਾਂ ਦਾ ਉਦੋਂ ਮੰਨਣਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ 'ਚ ਥਰਡ ਫਰੰਟ ਨਾ ਬਣਾ ਸਕੀ ਤਾਂ ਉਹ ਪੰਜਾਬ ਨੂੰ ਪੰਜਾਬੀਆਂ ਲਈ ਛੱਡ ਦੇਣਗੇ। ਉਨ੍ਹਾਂ ਸਾਫ ਕਿਹਾ ਕਿ ਇਨ੍ਹਾਂ ਕਾਰਨਾਂ ਤੋਂ ਉਹ ਪੰਜਾਬ 'ਚ ਪ੍ਰਚਾਰ ਲਈ ਨਹੀਂ ਆਏ। ਇਸ ਵਾਰ ਚੋਣ ਮੁਹਿੰਮ ਲਈ ਪੰਜਾਬ ਆਏ ਐੱਨ. ਆਰ. ਆਈਜ਼. ਦੀ ਗਿਣਤੀ ਦੋ ਡਿਜਿਟ ਤੋਂ ਵਧ ਨਹੀਂ ਹੈ, ਜਿਨ੍ਹਾਂ ਨੇ 2017 'ਚ ਪੰਜਾਬ ਚੱਲੋ ਮੁਹਿੰਮ ਚਲਾਈ ਸੀ।

ਕਿਉਂ ਹੋਇਆ ਉਤਸ਼ਾਹ ਘੱਟ?
2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐੱਨ. ਆਰ. ਆਈਜ਼ ਪੰਜਾਬੀਆਂ 'ਚ ਕਾਫੀ ਉਤਸ਼ਾਹ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ ਪਰ ਇਹ ਪਾਰਟੀ ਚੋਣ ਤੋਂ ਪਹਿਲਾਂ ਹੀ ਫੁੱਟ ਦਾ ਸ਼ਿਕਾਰ ਹੋ ਗਈ। ਹੌਲੀ-ਹੌਲੀ ਇਸ ਦੇ ਨੇਤਾ ਪਾਰਟੀ ਛੱਡ ਕੇ ਦੂਜੇ ਰਾਜਨੀਤਕ ਦਲਾਂ 'ਚ ਜਾਣ ਲੱਗੇ। ਭਾਵੇਂ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਸਕੀ ਫਿਰ ਇਹ ਪਾਰਟੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਰੂਪ 'ਚ ਉਭਰੀ ਪਰ ਉਸ ਤੋਂ ਬਾਅਦ ਵਾਪਰੇ ਘਟਨਾਕ੍ਰਮਾਂ ਕਾਰਨ 'ਆਪ' ਵਿਧਾਇਕ ਹੀ ਪਾਰਟੀ ਛੱਡ ਕੇ ਜਾਣ ਲੱਗੇ। ਇਸ ਦਾ ਵੱਡਾ ਕਾਰਨ ਸੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੇਤਾ ਦਿੱਲੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਸਨ ਜੋ ਕਿ ਹਰੇਕ ਥਾਂ ਆਪਣਾ ਕੰਟਰੋਲ ਰੱਖਣਾ ਚਾਹੁੰਦੀ ਸੀ ਅਤੇ ਪਾਰਟੀ ਦੀ ਵਰਕਿੰਗ 'ਚ ਵੀ ਪਾਰਦਰਸ਼ਤਾ ਨਹੀਂ ਸੀ। ਇਸ ਦਾ ਐੱਨ. ਆਰ. ਆਈਜ਼ ਦੇ ਮਨ 'ਤੇ ਬਹੁਤ ਅਸਰ ਪਿਆ ਅਤੇ ਉਹ ਆਪਣੀਆਂ ਰਵਾਇਤੀ ਪਾਰਟੀਆਂ ਵੱਲ ਚਲੇ ਗਏ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਐੱਨ. ਆਰ. ਆਈ. ਆਮ ਆਦਮੀ ਪਾਰਟੀ ਨੂੰ ਸਮਰਥਨ ਲਈ ਉਤਸ਼ਾਹਿਤ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਪਾਈ ਸੀ ਕਿ ਜੋ ਕੋਈ ਵੀ ਐੱਨ. ਆਰ. ਆਈ. ਸਵੈ-ਇੱਛਾ ਨਾਲ ਪੰਜਾਬ 'ਚ ਚੋਣ ਪ੍ਰਚਾਰ ਮੁਹਿੰਮ 'ਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਪਰ ਕੋਈ ਰਿਸਪਾਂਸ ਨਹੀਂ ਆਇਆ। ਇਸੇ ਤਰ੍ਹਾਂ ਅਮਰੀਕਾ 'ਚ ਰਹਿੰਦੇ ਅਮਨਦੀਪ ਸਿੰਘ ਨੇ ਵੀ ਕਿਹਾ ਕਿ 2017 ਦੀਆਂ ਚੋਣਾਂ ਤੋਂ ਉਨ੍ਹਾਂ ਨੂੰ ਸਬਕ ਮਿਲਿਆ ਹੈ ਕਿ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਮਤਲਬ ਹੈ ਪੈਸੇ ਤੇ ਸਮੇਂ ਦੀ ਬਰਬਾਦੀ।

ਪੰਜਾਬ ਦੀਆਂ ਚੋਣਾਂ 'ਚ ਐੱਨ. ਆਰ. ਆਈ. ਸਭਾ ਦੀ ਭੂਮਿਕਾ
ਲਗਭਗ 55 ਲੱਖ ਪੰਜਾਬੀ ਵਿਦੇਸ਼ 'ਚ ਸੈਟਲ ਹਨ। ਐੱਨ. ਆਰ. ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ 1990 'ਚ ਐੱਨ. ਆਰ. ਆਈ. ਸਭਾ ਦੀ ਸਥਾਪਨਾ ਕੀਤੀ ਗਈ। ਇਸ ਦੇ 25 ਹਜ਼ਾਰ ਦੇ ਲਗਭਗ ਮੈਂਬਰ ਹਨ ਤੇ ਹੁਣ ਕਈ ਐੱਨ. ਆਰ. ਆਈਜ਼ ਇਸ ਦੀ ਮੈਂਬਰਸ਼ਿਪ ਛੱਡ ਚੁੱਕੇ ਹਨ। ਪੰਜਾਬ 'ਚ ਹੋਣ ਵਾਲੀਆਂ ਚੋਣਾਂ 'ਚ ਐੱਨ. ਆਰ. ਆਈ. ਸਭ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਆਈ ਹੈ। 2-3 ਸਾਲ ਬਾਅਦ ਸਭਾ ਦੇ ਇਲੈਕਸ਼ਨ ਹੁੰਦੇ ਹਨ ਪਰ 2015 ਤੋਂ ਬਾਅਦ ਚੋਣਾਂ ਨਹੀਂ ਹੋਈਆਂ। ਜਸਵੀਰ ਸਿੰਘ ਗਿੱਲ ਇਸ ਦੇ ਆਖਰੀ ਪ੍ਰਧਾਨ ਸਨ, ਜੋ ਕਿ 2017 'ਚ ਅਹੁਦੇ ਤੋਂ ਰਿਲੀਵ ਹੋਏ। ਮੌਜੂਦਾ ਪੰਜਾਬ ਸਰਕਾਰ ਦੇ ਉਦਾਸੀਨ ਰਵੱਈਏ ਕਾਰਨ ਐੱਨ. ਆਰ. ਆਈ. ਸਭਾ ਦੀਆਂ ਚੋਣਾਂ ਨਹੀਂ ਹੋ ਸਕੀਆਂ। ਹਰ ਸਾਲ ਹੋਣ ਵਾਲਾ ਐੱਨ. ਆਰ. ਆਈ. ਸੰਮੇਲਨ ਅਤੇ ਐੱਨ. ਆਰ. ਆਈ. ਸੰਗਤ ਦਰਸ਼ਨ ਵੀ ਨਹੀਂ ਹੋ ਸਕਿਆ। ਸਰਕਾਰ ਦੇ ਉਦਾਸੀਨ ਰਵੱਈਏ ਕਾਰਨ ਵਿਦੇਸ਼ 'ਚ ਵਸੇ ਲੱਖਾਂ ਪੰਜਾਬੀ ਪੰਜਾਬ 'ਚ ਇਨਵੈਸਟਮੈਂਟ ਨੂੰ ਤਿਆਰ ਨਹੀਂ ਹਨ।

cherry

This news is Content Editor cherry