ਪੰਜਾਬ ''ਚ ਸ਼ੁਰੂ ਹੋਈ ''ਡੇਰਿਆਂ ''ਚ ਫੇਰਿਆਂ'' ਦੀ ਸਿਆਸਤ

03/17/2019 6:23:47 PM

ਜਲੰਧਰ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ-ਨਾਲ ਪੰਜਾਬ ਵਿਚ ਡੇਰਿਆਂ ਦੀ ਸਿਆਸਤ ਵੀ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਹੋਈ ਹੈ ਡੇਰਾ ਬਿਆਸ 'ਚ ਨਿਤਿਨ ਗਡਕਰੀ ਦੇ ਦੌਰੇ ਤੋਂ। ਡੇਰਾ ਬਿਆਸ ਵਿਚ ਰੋਜ਼ਾਨਾ ਲੱਖਾਂ ਪੈਰੋਕਾਰ ਸਤਿਸੰਗ 'ਚ ਪਹੁੰਚਦੇ ਹਨ। ਚੋਣਾਂ 'ਚ ਡੇਰੇ ਵਿਖੇ ਸਿਆਸੀ ਲੀਡਰਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਡੇਰਾ ਕਿਸੇ ਵੀ ਪਾਰਟੀ ਦੇ ਸਮਰਥਨ ਵਿਚ ਕੋਈ ਬਿਆਨ ਨਹੀਂ ਜਾਰੀ ਕਰਦਾ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਡੇਰਾ ਬਿਆਸ ਪਹੁੰਚੇ ਸਨ। ਸੂਬੇ ਵਿਚ ਇਕ ਦਰਜਨ ਤੋਂ ਜ਼ਿਆਦਾ ਡੇਰੇ ਹਨ, ਜਿਨ੍ਹਾਂ ਦੇ ਲੱਖਾਂ ਪੈਰੋਕਾਰ ਹਨ। ਮੁੱਖ ਡੇਰਿਆਂ ਵਿਚ ਡੇਰਾ ਸੱਚਾ ਸੌਦਾ, ਰਾਧਾ ਸੁਆਮੀ ਸਤਿਸੰਗ ਬਿਆਸ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸੱਚਖੰਡ ਬੱਲਾਂ, ਸੰਤ ਨਿਰੰਕਾਰੀ ਮਿਸ਼ਨ ਆਦਿ ਸ਼ਾਮਲ ਹਨ। ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚ ਲਗਭਗ ਸੌ ਨਾਮ ਚਰਚਾ ਘਰ ਹਨ ਅਤੇ ਸਾਢੇ ਛੇ ਲੱਖ ਪੈਰੋਕਾਰ ਹਨ। ਕਈ ਡੇਰੇ ਅਪ੍ਰਤੱਖ ਜਾਂ ਪ੍ਰਤੱਖ ਰੂਪ ਨਾਲ ਚੋਣਾਂ ਦੌਰਾਨ ਕਿਸੇ ਧਿਰ ਜਾਂ ਉਮੀਦਵਾਰ ਨੂੰ ਸਮਰਥਨ ਦਿੰਦੇ ਹਨ ਜਿਥੇ ਸਮੀਕਰਨ ਪਲਟ ਜਾਂਦੇ ਹਨ। ਇਸ ਲਈ ਪੰਜਾਬ ਦੀ ਸਿਆਸਤ ਵਿਚ ਡੇਰੇ ਅਹਿਮ ਜਗ੍ਹਾ ਰੱਖਦੇ ਹਨ। 


ਭਾਜਪਾ ਲਈ ਡੇਰੇ ਪਹੁੰਚੇ ਗਡਕਰੀ
ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਨਿਤਿਨ ਗਡਕਰੀ ਅਤੇ ਪਾਰਟੀ ਦੇ ਕੌਮੀ ਮਹਾਸਕੱਤਰ ਕੈਲਾਸ਼ ਵਿਜੈਵਗਰੀ ਸ਼ਨੀਵਾਰ ਨੂੰ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਪਹੁੰਚੇ। ਦੋਵਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਲਗਭਗ ਦੋ ਘੰਟੇ ਦੀ ਮੁਲਾਕਾਤ ਬਿਲਕੁਲ ਗੁਪਤ ਸੀ। ਉਹ ਲਗਭਗ 11 ਵਜੇ ਚਾਰਟਿਡ ਜਹਾਜ਼ ਰਾਹੀਂ ਸਿੱਧੇ ਡੇਰੇ ਪਹੁੰਚੇ। ਦੁਪਹਿਰ 1.48 ਵਜੇ ਨਿਤਿਨ ਗਡਕਰੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਡੇਰਾ ਬਿਆਸ ਜਾਣ ਬਾਰੇ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ 'ਅੱਜ ਰਾਧਾ ਸੁਆਸੀ ਸਤਿਸੰਗ ਬਿਆਸ 'ਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਹੋਈ ਅਤੇ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਜਿੱਤ ਲਈ ਆਸ਼ੀਰਵਾਦ ਲਿਆ। ਗ਼ਡਕਰੀ ਨੇ ਇਹ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਕੈਲਾਸ਼ ਵਿਜੈਵਗਰੀ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਟਵਿੱਟਰ ਅਕਾਊਂਟ ਨੂੰ ਟੈਗ ਵੀ ਕੀਤੀ। 
ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਾਂਗੇ : ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਜਲੰਧਰ ਵਿਚ ਡੇਰੇ ਦੇ ਸਮਰਥਨ 'ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਪਾਰਟੀ ਪੰਥ ਦੇ ਹੁਕਮ ਨਾਲ ਚੱਲਦੀ ਆਈ ਹੈ ਅਤੇ ਅੱਗੇ ਵੀ ਅਜਿਹਾ ਹੀ ਹੋਵੇਗਾ। ਡੇਰਾ ਸੱਚਾ ਸੌਦਾ ਤੋਂ ਚੋਣਾਂ 'ਚ ਸਮਰਥਨ ਲੈਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਭ ਤੋਂ ਉਪਰ ਹੈ ਅਤੇ ਉਸੇ 'ਤੇ ਅਮਲ ਕੀਤਾ ਜਾਵੇਗਾ। ਸੁਖਬੀਰ ਨੇ ਕਿਹਾ ਕਿ ਮੀਡੀਆ 'ਚ ਬੀਬੀ ਜਗੀਰ ਕੌਰ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਬੇਅਦਬੀ ਮਾਲਿਆਂ ਵਿਚ ਡੇਰਾ ਸੱਚਾ ਸੌਦਾ ਦੀ ਭੂਮਿਕਾ ਸਾਹਮਣੇ ਆਉਣ 'ਤੇ ਕਿਹਾ ਕਿ ਇਕ ਹੀ ਡੇਰਾ ਕਿਉਂ ਜੇ ਕੋਈ ਵੀ ਡੇਰਾ ਗਲਤੀ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਕ ਇੰਟਰਵਿਊ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਡੇਰਾ ਸਿਰਸਾ ਤੋਂ ਸਮਰਥਨ ਦਾ ਫੈਸਲਾ ਸੁਖਬੀਰ ਬਾਦਲ ਨੂੰ ਕਰਨਾ ਹੈ। 
ਸੁਖਬੀਰ ਕਿਤੇ ਵੀ ਮੱਥਾ ਟੇਕ ਸਕਦੇ ਹਨ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਚੰਡੀਗੜ੍ਹ 'ਚ ਪੱਤਰਕਾਰਾਂ ਨੇ ਸੁਖਬੀਰ ਬਾਦਲ ਵਲੋਂ ਡੇਰੇ ਦੇ ਸਮਰਥਨ ਨੂੰ ਲੈ ਕੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੁਖਬੀਰ ਕਿਤੇ ਵੀ ਮੱਥਾ ਟੇਕ ਸਕਦੇ ਹਨ ਪਰ ਸਾਡੇ ਨਾਲ ਗੁਰੂ ਮਹਾਰਾਜ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਡੇਰਾ ਸੱਚਾ ਸੌਦਾ 'ਚ ਵੋਟ ਮੰਗਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਈ ਅਕਾਲੀ ਤੇ ਕਾਂਗਰਸੀ ਲੀਡਰਾਂ ਨੂੰ ਤਲਬ ਕਰ ਲਿਆ ਸੀ।

Gurminder Singh

This news is Content Editor Gurminder Singh