13 ਸੀਟਾਂ ਦੇ ਨਤੀਜਿਆਂ ਨਾਲ ਸਪੱਸ਼ਟ ਹੋਵੇਗਾ ਪੰਜਾਬ ਦਾ ਸਿਆਸੀ ਦ੍ਰਿਸ਼

05/21/2019 9:53:14 AM

ਗੁਰਦਾਸਪੁਰ(ਹਰਮਨਪ੍ਰੀਤ) : 17ਵੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਵੋਟਾਂ ਦਾ ਕੰਮ ਮੁਕੰਮਲ ਹੋਣ ਦੇ ਬਾਅਦ ਬੇਸ਼ੱਕ ਉਮੀਦਵਾਰ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਈ ਹੈ, ਜਿਸ ਦੇ ਬਾਅਦ 23 ਮਈ ਨੂੰ ਚੋਣ ਮੈਦਾਨ 'ਚ ਨਿੱਤਰੇ ਮਹਾਰਥੀਆਂ ਦੀ ਜਿੱਤ-ਹਾਰ ਦਾ ਫੈਸਲਾ ਹੋ ਜਾਵੇਗਾ ਪਰ ਸਿਆਸੀ ਮਾਹਿਰਾਂ ਅਨੁਸਾਰ ਪੰਜਾਬ ਅੰਦਰ ਇਹ ਚੋਣਾਂ ਸਿਆਸੀ ਧਿਰਾਂ ਲਈ ਵੱਡੇ ਮਾਇਨੇ ਰੱਖਦੀਆਂ ਹਨ। ਜਿਨ੍ਹਾਂ ਦੇ ਨਤੀਜਿਆਂ ਨੇ ਨਾ ਸਿਰਫ ਦੇਸ਼ ਦੀ ਸਰਕਾਰ ਬਣਾਉਣ ਦਾ ਫੈਸਲਾ ਕਰਨਾ ਹੈ, ਸਗੋਂ ਇਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸਿਆਸੀ ਦ੍ਰਿਸ਼ ਸਬੰਧੀ ਸਥਿਤੀ ਵੀ ਸਪੱਸ਼ਟ ਹੋ ਜਾਵੇਗੀ। ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਜਿਥੇ ਨਵੀਆਂ ਪਾਰਟੀਆਂ ਪ੍ਰਤੀ ਲੋਕਾਂ ਦੇ ਝੁਕਾਅ ਦੀ ਤਸਵੀਰ ਪੇਸ਼ ਕਰਨੀ ਹੈ, ਉਸ ਦੇ ਨਾਲ ਹੀ ਇਹ ਗੱਲ ਵੀ ਸਪੱਸ਼ਟ ਕਰਨੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨੋਂ ਵੀ ਵਾਂਝੇ ਰਹਿ ਗਏ ਅਕਾਲੀ ਦਲ ਦਾ ਗ੍ਰਾਫ ਕਿੰਨਾ ਵਧਿਆ/ਘਟਿਆ ਹੈ ਅਤੇ ਆਪ ਆਦਮੀ ਪਾਰਟੀ ਵਿਚ ਆਏ ਸਿਆਸੀ ਭੂਚਾਲਾਂ ਦੇ ਬਾਅਦ ਹੁਣ ਇਸ ਪਾਰਟੀ ਦੀ ਕੀ ਸਥਿਤੀ ਹੈ? ਇਨ੍ਹਾਂ ਚੋਣਾਂ ਦੌਰਾਨ ਵਾਪਰੇ ਘਟਨਾਕ੍ਰਮਾਂ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਭਵਿੱਖ ਸਬੰਧੀ ਵੀ ਕਈ ਸ਼ੰਕੇ ਪੈਦਾ ਕੀਤੇ ਹੋਏ ਹਨ, ਜਿਨ੍ਹਾਂ ਦੇ ਆਧਾਰ 'ਤੇ ਸਿਆਸੀ ਮਾਹਿਰ ਇਹ ਮੰਨ ਕੇ ਚੱਲ ਰਹੇ ਹਨ ਕਿ ਪੰਜਾਬ ਦੀਆਂ 13 ਸੀਟਾਂ ਦੇ ਚੋਣ ਨਤੀਜੇ ਕਾਂਗਰਸ 'ਚ ਵੀ ਵੱਡਾ ਭੂਚਾਲ ਲਿਆ ਸਕਦੇ ਹਨ।

ਸੁਖਬੀਰ ਤੇ ਹਰਸਿਮਰਤ ਦੇ ਵੱਕਾਰ ਦਾ ਸਵਾਲ
ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਅਹਿਮ ਹਨ, ਕਿਉਂਕਿ ਇਸ ਵਾਰ ਨਾ ਸਿਰਫ ਇਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਦਾ ਨਿੱਜੀ ਵੱਕਾਰ ਦਾਅ 'ਤੇ ਲੱਗਾ ਹੋਇਆ ਹੈ ਸਗੋਂ ਇਨ੍ਹਾਂ ਚੋਣਾਂ ਵਿਚ ਪਾਰਟੀ ਦੇ 10 ਉਮੀਦਵਾਰਾਂ ਦੀ ਜਿੱਤ ਹਾਰ ਨੇ ਇਹ ਸਪੱਸ਼ਟ ਕਰਨਾ ਹੈ ਕਿ ਮੌਜੂਦਾ ਸਮੇਂ ਵਿਚ ਇਸ ਵੱਡੀ ਪੰਥਕ ਪਾਰਟੀ ਦੀ ਮੌਜੂਦਾ ਸਿਆਸੀ ਸਥਿਤੀ ਕੀ ਹੈ? ਪਿਛਲੀਆਂ ਵਿਧਾਨ ਚੋਣਾਂ ਦੌਰਾਨ ਮਿਲੀ ਕਰਾਰੀ ਤੋਂ ਬਾਅਦ ਇਹ ਪਾਰਟੀ ਪੈਰਾਂ 'ਤੇ ਆਉਣ ਦੀ ਬਜਾਏ ਕਈ ਵਿਵਾਦਾਂ ਅਤੇ ਸੰਕਟਾਂ 'ਚ ਉਲਝਦੀ ਆ ਰਹੀ ਹੈ। ਇਸ ਪਾਰਟੀ ਦੇ ਦਿੱਗਜ ਆਗੂ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਵਰਗੇ ਕਈ ਵੱਡੇ ਆਗੂਆਂ ਦੇ ਇਸ ਪਾਰਟੀ ਤੋਂ ਵੱਖ ਹੋ ਜਾਣ ਦੇ ਬਾਅਦ ਇਹ ਪਹਿਲੀ ਚੋਣ ਹੈ, ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਖੁਦ ਵੀ ਚੋਣ ਮੈਦਾਨ 'ਚ ਨਿੱਤਰੇ ਹਨ। ਜੇਕਰ ਇਨ੍ਹਾਂ ਚੋਣਾਂ ਦੌਰਾਨ ਪਾਰਟੀ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਸ ਨਾਲ ਸਮੁੱਚੇ ਪੰਜਾਬ ਵਿਚ ਪਾਰਟੀ ਅੰਦਰ ਨਵੀਂ ਰੂਹ ਫੂਕੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਜੇਕਰ ਪਾਰਟੀ ਨੂੰ ਕਿਸੇ ਤਰ੍ਹਾਂ ਇਨ੍ਹਾਂ ਚੋਣਾਂ ਦੌਰਾਨ ਭਰਵਾਂ ਹੁੰਗਾਰਾ ਨਹੀਂ ਮਿਲਦਾ ਤਾਂ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਦੀ ਲੀਡਰਸ਼ਿਪ ਅਤੇ ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਰਣਨੀਤੀ 'ਚ ਬਦਲਾਅ ਲਿਆਉਣ ਸਬੰਧੀ ਵਿਚਾਰ ਕਰਨੀ ਪਵੇਗੀ।

ਭਾਜਪਾ ਲਈ ਅਗਨੀ ਪ੍ਰੀਖਿਆ
3 ਸੀਟਾਂ 'ਤੇ ਚੋਣ ਲੜ ਰਹੀ ਭਾਜਪਾ ਲਈ ਵੀ ਇਹ ਚੋਣਾਂ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹਨ। ਜੇਕਰ ਭਾਜਪਾ ਦੇ ਉਮੀਦਵਾਰ ਜਿੱਤਦੇ ਹਨ ਤਾਂ ਨਿਰਸੰਦੇਹ ਪੰਜਾਬ ਵਿਚ ਭਾਜਪਾ ਦਾ ਗ੍ਰਾਫ ਉੱਚਾ ਹੋਵੇਗਾ ਅਤੇ ਭਾਜਪਾ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦਾ ਸਿਆਸੀ ਕੱਦ ਵੀ ਵਧੇਗਾ ਪਰ ਮਾੜੀ ਕਾਰਗੁਜ਼ਾਰੀ ਭਾਜਪਾ ਲਈ ਵੱਡੀ ਨਾਮੋਸ਼ੀ ਤੋਂ ਘੱਟ ਨਹੀਂ ਹੋਵੇਗੀ। ਖਾਸ ਤੌਰ 'ਤੇ ਗੁਰਦਾਸਪੁਰ ਸੀਟ ਭਾਜਪਾ ਦੇ ਵੱਕਾਰ ਦਾ ਸਵਾਲ ਹੈ, ਜਿਥੇ ਫਿਲਮੀ ਦੁਨੀਆ ਦੇ ਬਾਦਸ਼ਾਹ ਸੰਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਭਾਜਪਾ ਨੇ ਵਿਨੋਦ ਖੰਨਾ ਦੇ ਕਿਲੇ ਨੂੰ ਮੁੜ ਫਤਿਹ ਕਰਨ ਦੀ ਰਣਨੀਤੀ ਬਣਾਈ ਸੀ।

'ਆਪ' ਨੇ ਲੜੀ ਹੋਂਦ ਬਚਾਉਣ ਦੀ ਲੜਾਈ
ਆਮ ਆਦਮੀ ਪਾਰਟੀ ਨੇ ਇਕ ਤਰ੍ਹਾਂ ਨਾਲ ਇਹ ਚੋਣਾਂ ਆਪਣੀ ਹੋਂਦ ਬਚਾਉਣ ਲਈ ਲੜੀਆਂ ਹਨ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਪੰਜਾਬ ਵਾਸੀਆਂ ਨੇ ਆਪ ਦੇ 4 ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸ ਸਿਰਜਿਆ ਸੀ ਤਾਂ ਆਪ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਸ ਸੂਬੇ ਤੋਂ ਵੱਡੀਆਂ ਆਸਾਂ ਸਨ। ਜਿਸ ਤਹਿਤ ਇਹ ਪਾਰਟੀ ਅਕਾਲੀ ਦਲ ਨੂੰ ਪਛਾੜ ਕੇ ਵਿਰੋਧੀ ਧਿਰ ਦਾ ਦਰਜਾ ਤਾਂ ਹਾਸਲ ਕਰਨ ਵਿਚ ਸਫਲ ਹੋ ਗਈ ਪਰ ਬਾਅਦ ਵਿਚ ਲਗਾਤਾਰ ਖੇਰੂੰ-ਖੇਰੂੰ ਹੁੰਦੀ ਗਈ। ਇਸ ਪਾਰਟੀ ਦੇ ਵਾਲੰਟੀਅਰ ਨੇ ਤਾਂ ਕੀ ਰਹਿਣਾ ਸੀ ਸਗੋਂ ਇਸ ਦੇ ਕਈ ਵਿਧਾਇਕ ਅਤੇ ਐੱਮ. ਪੀ. ਵੀ ਇਸ ਦਾ ਸਾਥ ਛੱਡ ਗਏ। ਹੁਣ ਇਨ੍ਹਾਂ ਚੋਣਾਂ ਦੌਰਾਨ ਜੇਕਰ ਇਹ ਪਾਰਟੀ ਚੰਗਾ ਪ੍ਰਦਰਸ਼ਨ ਨਾ ਕਰ ਸਕੀ, ਤਾਂ ਇਸ ਸੂਬੇ ਵਿਚ ਵੀ ਇਸ ਦਾ ਭਵਿੱਖ ਧੁੰਦਲਾ ਮੰਨੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤਹਿਤ ਨਾ ਸਿਰਫ ਆਮ ਆਦਮੀ ਪਾਰਟੀ ਦੀ ਹੋਂਦ ਸਗੋਂ ਇਸ ਦੇ ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਲੀਡਰਸ਼ਿਪ ਦਾ ਸਿਆਸੀ ਭਵਿੱਖ ਵੀ ਦਾਅ 'ਤੇ ਲੱਗਾ ਦਿਖਾਈ ਦੇ ਰਿਹਾ ਹੈ।

ਕਾਂਗਰਸ 'ਚ ਸਿਆਸੀ ਧਮਾਕੇ ਕਰ ਸਕਦੇ ਨੇ ਚੋਣ ਨਤੀਜੇ
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਜਿੱਥੇ ਕੇਂਦਰੀ ਲੀਡਰਸ਼ਿਪ ਸਾਹਮਣੇ ਆਪਣੀ ਸਾਖ ਬਚਾਉਣ ਲਈ ਅਹਿਮ ਹਨ, ਉਥੇ ਚੋਣ ਨਤੀਜਿਆਂ ਕਾਰਨ ਪੰਜਾਬ ਅੰਦਰ ਕਾਂਗਰਸ ਦੀ ਸਿਆਸਤ 'ਚ ਸਿਆਸੀ ਧਮਾਕੇ ਵੀ ਹੋ ਸਕਦੇ ਹਨ। ਸਿਆਸੀ ਮਾਹਿਰਾਂ ਅਨੁਸਾਰ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਕੈਪਟਨ ਸਰਕਾਰ ਦੇ ਕਾਰਜਕਾਜ ਦੇ ਕਰੀਬ ਸਵਾ ਦੋ ਸਾਲਾਂ ਦੇ ਕਾਰਜਕਾਲ ਸਬੰਧੀ ਲੋਕ ਰੁਝਾਨ ਵੀ ਸਪੱਸ਼ਟ ਕਰਨਾ ਹੈ। ਇਸ ਲਈ ਜੇਕਰ ਲੋਕ ਕਾਂਗਰਸ ਦੇ ਹੱਕ ਵਿਚ ਉਮੀਦ ਅਨੁਸਾਰ ਫਤਵਾ ਨਹੀਂ ਦਿੰਦੇ ਤਾਂ ਸਿੱਧੇ ਤੌਰ 'ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸ਼ੰਕੇ ਪੈਦਾ ਹੋਣੇ ਸ਼ੁਭਾਵਿਕ ਹਨ। ਖਾਸ ਤੌਰ 'ਤੇ ਹੁਣ ਜਦੋਂ ਕੈਪਟਨ ਨੇ ਚੰਗੀ ਕਾਰਗੁਜ਼ਾਰੀ ਨਾ ਦਿਖਾਏ ਜਾਣ ਦੀ ਸੂਰਤ ਵਿਚ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਨੇ 13 ਦੀਆਂ 13 ਸੀਟਾਂ ਜਿੱਤਣ ਸਬੰਧੀ ਵਿਅੰਗਮਈ ਪ੍ਰਤੀਕਰਮ ਕੀਤਾ ਹੈ, ਉਹ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਸਮੇਂ ਬਠਿੰਡਾ ਵਿਚ ਬੇਅਦਬੀ ਦੇ ਦੋਸ਼ੀਆਂ ਦੀਆਂ ਸਜ਼ਾਵਾਂ ਸਬੰਧੀ ਟਿੱਪਣੀ ਕਰਦਿਆਂ ਆਪਣੇ ਅਸਤੀਫੇ ਦਾ ਕੀਤਾ ਗਿਆ ਇਸ਼ਾਰਾ ਵੀ ਆਉਣ ਵਾਲੇ ਸਮੇਂ ਵਿਚ ਕਾਂਗਰਸ ਲਈ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਇੰਨਾ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਵੀ ਵਿਅੰਗਮਈ ਅੰਦਾਜ਼ ਵਿਚ ਇਹ ਕਹਿ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਨੂੰ ਲਿਖਤੀ ਰੂਪ ਵਿਚ 13 ਦੀਆਂ 13 ਸੀਟਾਂ ਜਿਤਾਉਣ ਦਾ ਭਰੋਸਾ ਦੇ ਚੁੱਕੇ ਹਨ। ਇਸ ਲਈ ਜੇਕਰ ਚੋਣ ਨਤੀਜਿਆਂ ਵਿਚ ਕਾਂਗਰਸ ਨੂੰ ਉਮੀਦ ਮੁਤਾਬਕ ਲੋਕਾਂ ਦਾ ਫਤਵਾ ਨਾ ਮਿਲਿਆ ਤਾਂ ਇਹ ਚੋਣ ਨਤੀਜੇ ਕਾਂਗਰਸ ਦੀ ਸਿਆਸਤ ਤੇ ਸਥਿਤੀ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਸਕਦੇ ਹਨ।

cherry

This news is Content Editor cherry