ਕਾਂਗਰਸ ਵਲੋਂ ਫਿਰੋਜ਼ਪੁਰ ਦੇ ਮੈਦਾਨ ''ਚ ਸ਼ੇਰ ਸਿੰਘ ਘੁਬਾਇਆ, ਜਾਣੋ ਕੀ ਹੈ ਪਿਛੋਕੜ

04/21/2019 6:35:53 PM

ਜਲੰਧਰ/ਫਿਰੋਜ਼ਪੁਰ (ਗੁਰਮਿੰਦਰ ਸਿੰਘ) : ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਮਹਿਜ਼ ਦੋ ਦਿਨ ਪਹਿਲਾਂ ਲੰਬੀ ਜੱਦੋ-ਜਹਿਦ ਤੋਂ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਸ਼ੇਰ ਸਿੰਘ ਘੁਬਾਇਆ ਦਾ ਮੁੱਖ ਮੁਕਾਬਲਾ ਅਕਾਲੀ ਦਲ ਨਾਲ ਹੈ। ਫਿਲਹਾਲ ਅਕਾਲੀ ਦਲ ਵਲੋਂ ਅਜੇ ਤਕ ਫਿਰੋਜ਼ਪੁਰ ਸੰਸਦੀ ਸੀਟ 'ਤੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਇਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੈਦਾਨ ਵਿਚ ਉਤਰਨ ਦੇ ਚਰਚੇ ਜ਼ੋਰਾਂ 'ਤੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਡੈਮੋਕ੍ਰੇਟਿਕ ਅਲਾਇੰਸ ਵਲੋਂ ਹੰਸਰਾਜ ਗੋਲਡਨ ਚੋਣ ਮੈਦਾਨ 'ਚ ਹਨ। 


ਇਸ ਤਰ੍ਹਾਂ ਹੈ ਸ਼ੇਰ ਸਿੰਘ ਘੁਬਾਇਆ ਦਾ ਪਿਛੋਕੜ
ਸ਼ੇਰ ਸਿੰਘ ਘੁਬਾਇਆ ਨੇ ਸਿਆਸੀ ਸਫਰ ਦੀ ਸ਼ੁਰੂਆਤ ਪਿੰਡ ਦਾ ਸਰਪੰਚ ਬਨਣ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਬਲਾਕ ਸੰਮਤੀ ਦੇ ਮੈਂਬਰ ਵੀ ਰਹੇ ਹਨ। ਜਲਾਲਾਬਾਦ ਹਲਕਾ ਸ਼ੇਰ ਸਿੰਘ ਘੁਬਾਇਆ ਦਾ ਗੜ੍ਹ ਹੈ ਅਤੇ ਇਥੋਂ ਹੀ ਘੁਬਾਇਆ ਅਕਾਲੀ ਦਲ ਦੀ ਟਿਕਟ 'ਤੇ 3 ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ। ਜਿਸ 'ਚ ਦੋ ਵਾਰ ਘੁਬਾਇਆ ਜਿੱਤੇ ਸਨ ਜਦਕਿ ਇਕ ਵਾਰ ਹਾਰੇ ਸਨ। ਪਹਿਲੀ ਵਾਰ ਘੁਬਾਇਆ ਨੇ 1997 ਵਿਚ ਅਕਾਲੀ ਦਲ ਦੀ ਟਿਕਟ 'ਤੇ ਜਲਾਲਾਬਾਦ ਤੋਂ ਚੋਣ ਲੜੀ ਸੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੇ ਹੰਸ ਰਾਜ ਜੋਸਨ ਨੂੰ 3397 ਵੋਟਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਘੁਬਾਇਆ ਵਿਧਾਇਕ ਬਣੇ ਸਨ। ਇਸ ਤੋਂ ਬਾਅਦ 2002 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਪਾਰਟੀ ਨੇ ਘੁਬਾਇਆ ਨੂੰ ਜਲਾਲਾਬਾਦ ਤੋਂ ਮੈਦਾਨ ਵਿਚ ਉਤਾਰਿਆ, ਇਥੇ ਘੁਬਾਇਆ ਨੂੰ 4331 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 2007 ਵਿਚ ਘੁਬਾਇਆ ਨੇ ਕਾਂਗਰਸ ਦੇ ਹੰਸ ਰਾਜ ਜੋਸਨ ਨੂੰ 44077 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਮੁੜ ਜਲਾਲਾਬਾਦ 'ਤੇ ਆਪਣਾ ਦਬਦਬਾ ਕਾਇਮ ਕਰ ਲਿਆ। 


ਸ਼ੇਰ ਸਿੰਘ ਘੁਬਾਇਆ 2009 ਵਿਚ ਫਿਰੋਜ਼ਪੁਰ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੇ ਅਤੇ ਕਾਂਗਰਸ ਦੇ ਜਗਮੀਤ ਬਰਾੜ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ ਸਨ। ਇਸ ਤੋਂ ਬਾਅਦ 2014 'ਚ ਘੁਬਾਇਆ ਮੁੜ ਅਕਾਲੀ ਦਲ ਦੀ ਟਿਕਟ 'ਤੇ ਲੋਕ ਸਭਾ ਚੋਣ ਮੈਦਾਨ ਵਿਚ ਉਤਰੇ ਅਤੇ ਕਾਂਗਰਸ ਦੇ ਸੁਨੀਲ ਜਾਖੜ ਨੂੰ 31420 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸਾਂਸਦ ਬਣੇ। ਹੁਣ ਘੁਬਾਇਆ ਜਿੱਤ ਦੀ ਹੈਟਰਿਕ ਲਗਾਉਣ ਲਈ ਕਾਂਗਰਸ ਵਲੋਂ ਮੈਦਾਨ ਵਿਚ ਉਤਰੇ ਹਨ। 


10 ਜੂਨ 1962 ਨੂੰ ਜਨਮੇ ਘੁਬਾਇਆ ਨੇ ਸੁਖਬੀਰ ਬਾਦਲ ਨਾਲ ਮਤਭੇਦਾਂ ਕਾਰਨ 4 ਮਾਰਚ 2019 ਨੂੰ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਘੁਬਾਇਆ ਦਾ ਬੇਟਾ ਦਵਿੰਦਰ ਸਿੰਘ ਘੁਬਾਇਆ ਇਸ ਸਮੇਂ ਕਾਂਗਰਸੀ ਵਿਧਾਇਕ ਹੈ। ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ ਘੁਬਾਇਆ ਦੇ ਬੇਟੇ ਨੂੰ ਫਾਜ਼ਿਲਕਾ ਤੋਂ ਟਿਕਟ ਦਿੱਤੀ ਸੀ। ਘੁਬਾਇਆ ਦਾ ਬੇਟਾ ਪੰਜਾਬ ਵਿਚ ਸਭ ਤੋਂ ਨੌਜਵਾਨ ਵਿਧਾਇਕ ਮੰਨਿਆ ਜਾਂਦਾ ਹੈ।

Gurminder Singh

This news is Content Editor Gurminder Singh