ਫਤਿਹਗੜ੍ਹ ਸਾਹਿਬ ''ਚ ਅਕਾਲੀ ਉਮੀਦਵਾਰ ਦੇ ਹਾਰਨ ''ਤੇ ਵੀ ਸਮਰਥਕਾਂ ਨੇ ਪਾਏ ਭੰਗੜੇ

05/23/2019 6:51:56 PM

ਮਾਛੀਵਾੜਾ ਸਾਹਿਬ (ਟੱਕਰ)— ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਪੈਂਦੇ ਹਲਕਾ ਸਮਰਾਲਾ ਤੋਂ ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਕਰਾਰੀ ਹਾਰ ਤੋਂ ਬਾਅਦ ਵੀ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਨਾਲ ਸਬੰਧਤ ਵਰਕਰਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮਾਛੀਵਾੜਾ ਦੇ ਅਕਾਲੀ-ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡ ਕੇ ਭੰਗੜੇ ਇਸ ਖੁਸ਼ੀ 'ਚ ਪਾਏ ਗਏ ਕਿ ਬੇਸ਼ੱਕ ਇਸ ਹਲਕੇ ਤੋਂ ਉਨ੍ਹਾਂ ਦੇ ਪਾਰਟੀ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਹਾਰ ਗਏ ਹਨ ਪਰ ਉਹ ਇਹ ਖੁਸ਼ੀ ਇਸ ਕਰਕੇ ਮਨਾ ਰਹੇ ਹਨ ਕਿ ਦੇਸ਼ 'ਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਨ. ਡੀ. ਏ. ਸਰਕਾਰ ਭਾਰੀ ਬਹੁਮਤ ਨਾਲ ਜਿੱਤੀ ਹੈ ਅਤੇ ਮੁੜ ਅਕਾਲੀ-ਭਾਜਪਾ ਗਠਜੋੜ ਦੇਸ਼ ਦੀ ਸੱਤਾ ਸੰਭਾਲ ਰਿਹਾ ਹੈ। 
ਖੁਸ਼ੀ ਮਨਾ ਰਹੇ ਅਕਾਲੀ-ਭਾਜਪਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੇ ਮਨਾਂ 'ਚ ਇਸ ਗੱਲ ਦੀ ਨਿਰਾਸ਼ਾ ਜ਼ਰੂਰ ਹੈ ਕਿ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਗਠਜੋੜ ਦੇ ਉਮੀਦਵਾਰ ਨੂੰ ਜਿਤਾਉਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਫਿਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸਾਰੇ ਦੇਸ਼ ਅੰਦਰ ਮੋਦੀ ਦੀ ਲਹਿਰ ਹੈ ਅਤੇ ਅਕਾਲੀ-ਭਾਜਪਾ ਵਰਕਰਾਂ 'ਚ ਖੁਸ਼ੀ ਹੈ ਕਿ ਮੁੜ ਦੇਸ਼ ਦੇ ਲੋਕਾਂ ਨੇ ਐੱਨ. ਡੀ. ਏ. ਦੇ ਹੱਕ 'ਚ ਫਤਵਾ ਦਿੱਤਾ। 
ਅੱਜ ਮਾਛੀਵਾੜਾ ਗਾਂਧੀ ਚੌਂਕ 'ਚ ਨਰਿੰਦਰ ਮੋਦੀ ਦੇ ਮੁੜ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ 'ਚ ਲੱਡੂ ਵੰਡਣ ਵਾਲਿਆਂ 'ਚ ਭਾਜਪਾ ਆਗੂ ਅਸ਼ੋਕ ਸੂਦ, ਸੰਜੀਵ ਲੀਹਲ, ਸੁਸ਼ੀਲ ਲੂਥਰਾ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਜਸਪਾਲ ਸਿੰਘ ਜੱਜ, ਸਤੀਸ਼ ਸਿੰਗਲਾ, ਮਨਜੀਤ ਸਿੰਘ ਮੱਕੜ, ਅਰਵਿੰਦਰਪਾਲ ਸਿੰਘ ਵਿੱਕੀ, ਰਾਜੇਸ਼ ਲੀਹਲ, ਜਗਦੀਸ਼ ਸ਼ਰਮਾ, ਨਰੇਸ਼ ਆਨੰਦ, ਵਿਜੈ ਮੱਕਾ, ਕਮਲਜੀਤ ਪਾਹਵਾ, ਸੰਨੀ ਸੂਦ, ਅਮਨਦੀਪ ਸਿੰਘ ਤਨੇਜਾ, ਸੁਖੀ ਸ਼ਰਮਾ ਆਦਿ ਵੀ ਮੌਜ਼ੂਦ ਸਨ।

shivani attri

This news is Content Editor shivani attri