ਕੇਜਰੀਵਾਲ ਦੀ ਪੰਜਾਬ ਫੇਰੀ ਨੇ ਮਾਝੇ ਤੇ ਦੋਆਬੇ ਨੂੰ ਵਿਸਾਰਿਆ

05/16/2019 5:09:00 PM

ਜਲੰਧਰ (ਬੁਲੰਦ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵੈਸੇ ਤਾਂ ਪੰਜਾਬ ਇਕਾਈ ਨੂੰ ਸ਼ੁਰੂ ਤੋਂ ਹੀ ਇਗਨੋਰ ਕੀਤਾ ਜਾਂਦਾ ਰਿਹਾ ਹੈ ਪਰ ਚੋਣਾਂ ਦੇ ਆਖਰੀ ਦਿਨਾਂ 'ਚ ਕੇਜਰੀਵਾਲ ਨੂੰ ਪੰਜਾਬ ਦੀ ਯਾਦ ਆ ਹੀ ਜਾਂਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਚੋਣਾਂ ਦੇ ਆਖਰੀ ਦਿਨਾਂ 'ਚ ਕੇਜਰੀਵਾਲ ਨੂੰ ਪੰਜਾਬ ਦੀ ਯਾਦ ਆਈ ਸੀ। ਇਸ ਵਾਰ ਵੀ ਪੂਰੇ ਦੇਸ਼ ਦੀਆਂ ਚੋਣਾਂ ਨਿਪਟਾਉਣ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦਾ ਰੁਖ ਕੀਤਾ ਹੈ ਪਰ ਪੰਜਾਬ 'ਚ ਵੀ ਕੇਜਰੀਵਾਲ ਨੇ ਆਪਣੇ ਦੌਰੇ ਨੂੰ ਸਿਰਫ ਮਾਲਵਾ ਖੇਤਰ ਤੱਕ ਹੀ ਸੀਮਤ ਰੱਖਿਆ ਹੈ। ਕੇਜਰੀਵਾਲ ਨੇ ਆਪਣੇ ਦੌਰੇ ਦੌਰਾਨ ਮਲਵੱਈਆਂ ਨੂੰ ਖੁਸ਼ ਕਰਨ ਦੀ ਪਲਾਨਿੰਗ ਹੀ ਬਣਾਈ ਹੈ। ਕੇਜਰੀਵਾਲ ਦੇ ਪੰਜਾਬ ਰੋਡ ਪਲਾਨ ਨੂੰ ਦੇਖੀਏ ਤਾਂ 13 ਮਈ ਨੂੰ ਉਹ ਸੰਗਰੂਰ ਅਤੇ ਸੁਨਾਮ ਹਲਕਿਆਂ 'ਚ ਰਹੇ, 14 ਨੂੰ ਵੀ ਸੰਗਰੂਰ ਅਤੇ ਬਰਨਾਲਾ ਹਲਕਿਆਂ 'ਚ ਰਹੇ। 15 ਨੂੰ ਬਠਿੰਡਾ ਲੋਕ ਸਭਾ ਹਲਕੇ 'ਚ ਦਿਨ ਬਿਤਾਇਆ, 16 ਨੂੰ ਫਰੀਦਕੋਟ, ਕੋਟਕਪੂਰਾ ਅਤੇ ਬਾਘਾਪੁਰਾਣਾ 'ਚ ਰਹੇ। 17 ਮਈ ਨੂੰ ਪਟਿਆਲਾ ਹਲਕੇ ਦਾ ਦੌਰਾ ਕਰਨਗੇ ਅਤੇ ਉਥੋਂ ਵਾਪਸ ਦਿੱਲੀ ਚਲੇ ਜਾਣਗੇ। 

ਦੋਆਬਾ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਕੇਜਰੀਵਾਲ ਨੂੰ ਕਈ ਵਾਰ ਕਿਹਾ ਕਿ ਆਪਣੇ ਦੌਰੇ ਦੌਰਾਨ ਇਕ ਦਿਨ ਦੋਆਬਾ ਅਤੇ ਇਕ ਦਿਨ ਮਾਝਾ ਨੂੰ ਜ਼ਰੂਰ ਦੇਵੋ, ਭਾਵੇਂ ਰੋਡ ਸ਼ੋਅ ਹੀ ਕੱਢੋ ਪਰ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਜਾਣਕਾਰਾਂ ਦੀ ਮੰਨੀਏ ਤਾਂ ਕੇਜਰੀਵਾਲ ਮਾਲਵਾ ਖੇਤਰ  ਨੂੰ ਆਪਣਾ ਟਾਰਗੈੱਟ ਬਣਾ ਕੇ ਚੱਲ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਬੇਅਦਬੀ ਕਾਂਡ ਤੋਂ ਨਾਰਾਜ਼ ਮਲਵਈ ਵੋਟਰ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਬਣ ਸਕਦੇ ਹਨ। ਦੋਆਬਾ 'ਚ ਕੇਜਰੀਵਾਲ ਦਾ ਨਾ ਆਉਣਾ ਇਸ ਗੱਲ ਦਾ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਕਿ ਦੋਆਬਾ ਦੇ ਹਜ਼ਾਰਾਂ ਐੈੱਨ. ਆਰ. ਆਈਜ਼ ਨੇ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਕੇਜਰੀਵਾਲ ਨੂੰ ਭਾਰੀ ਆਰਥਿਕ ਯੋਗਦਾਨ ਦਿੱਤਾ ਸੀ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ 'ਆਪ' ਆਗੂਆਂ ਨੇ ਐੱਨ. ਆਰ. ਆਈਜ਼ ਨੂੰ ਨਜ਼ਰ ਅੰਦਾਜ਼ ਕੀਤਾ, ਉਸ ਨਾਲ ਦੋਆਬੇ ਦੇ ਲੋਕ 'ਆਪ' ਪਾਰਟੀ ਤੋਂ ਨਾਰਾਜ਼ ਹਨ। ਇਸ ਕਾਰਨ ਕੇਜਰੀਵਾਲ ਨੇ ਦੋਆਬੇ ਦਾ ਰੁਖ ਕਰਨਾ ਸਹੀ ਨਹੀਂ ਸਮਝਿਆ ਪਰ ਪਾਰਟੀ ਦੇ ਦੋਆਬੇ ਅਤੇ ਮਾਝੇ ਦੇ ਉਮੀਦਵਾਰ ਕੇਜਰੀਵਾਲ ਦੇ ਇਸ ਫੈਸਲੇ ਨਾਲ ਕਾਫੀ ਨਾਰਾਜ਼ ਦਿਸ ਰਹੇ ਹਨ। ਹੁਣ ਵੇਖਣਾ ਹੈ ਕਿ ਸਿਸੋਦੀਆ ਦਾ ਦੋਆਬਾ ਅਤੇ ਮਾਝਾ ਦੌਰਾ ਕੇਜਰੀਵਾਲ ਦਾ ਬਦਲ ਸਾਬਤ ਹੁੰਦਾ ਹੈ ਜਾਂ ਨਹੀਂ।

shivani attri

This news is Content Editor shivani attri