ਵੱਡਾ ਸਵਾਲ! ਸੁਖਬੀਰ ਜਾਂ ਹਰਸਿਮਰਤ ''ਚੋਂ ਕੌਣ ਬਣੇਗਾ ਕੇਂਦਰੀ ਮੰਤਰੀ

04/23/2019 6:59:15 PM

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਵਲੋਂ ਮੰਗਲਵਾਰ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਬਠਿੰਡਾ ਸੀਟ ਤੋਂ ਮੈਦਾਨ ਵਿਚ ਉਤਾਰੇ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਜੇਕਰ ਦੋਵਾਂ ਸੀਟਾਂ 'ਤੇ ਅਕਾਲੀ ਦਲ ਚੋਣ ਜਿੱਤਦਾ ਹੈ ਤਾਂ ਕੇਂਦਰ ਵਿਚ ਅਕਾਲੀ ਦਲ ਵਲੋਂ ਮੰਤਰੀ ਕੌਣ ਬਣੇਗਾ? ਕੀ ਸੁਖਬੀਰ ਇਕ ਵਾਰ ਫਿਰ ਕੇਂਦਰੀ ਸਿਆਸਤ ਵਿਚ ਜਾਣਗੇ ਅਤੇ ਹਰਸਿਮਰਤ ਕੌਰ ਬਾਦਲ ਨੂੰ ਸੂਬੇ ਦੀ ਕਮਾਨ ਦਿੱਤੀ ਜਾਵੇਗੀ ਜਾਂ ਹਰਸਿਮਰਤ ਕੌਰ ਬਾਦਲ ਹੀ ਕੇਂਦਰ ਵਿਚ ਮੰਤਰੀ ਰਹਿਣਗੇ ਅਤੇ ਸੁਖਬੀਰ ਬਾਦਲ ਲੋਕ ਸਭਾ ਮੈਂਬਰ ਹੁੰਦਿਆਂ ਹੀ ਸੂਬੇ ਦੀ ਸਿਆਸਤ ਵਿਚ ਸਰਗਰਮ ਰਹਿਣਗੇ। 


ਇਹ ਸਵਾਲ ਇਸ ਲਈ ਵੀ ਉਠ ਰਿਹਾ ਹੈ ਕਿਉਂਕਿ ਕੇਂਦਰ ਵਿਚ ਜੇਕਰ ਇਕ ਵਾਰ ਫਿਰ ਐੱਨ. ਡੀ. ਏ. ਦੀ ਸਰਕਾਰ ਆਉਂਦੀ ਹੈ ਤਾਂ ਅਕਾਲੀ ਦਲ ਦੇ ਕੋਟੇ 'ਚੋਂ ਦੋ ਮੰਤਰੀ ਬਣਨਾ ਮੁਸ਼ਕਿਲ ਹੈ। ਪਿਛਲੀ ਵਾਰ ਅਕਾਲੀ ਦਲ ਚਾਰ ਸੀਟਾਂ 'ਤੇ ਚੋਣ ਜਿੱਤਿਆ ਸੀ ਅਤੇ ਸਰਕਾਰ ਵਿਚ ਉਸ ਨੂੰ ਸਿਰਫ ਇਕ ਮੰਤਰੀ ਦੀ ਕੁਰਸੀ ਮਿਲੀ ਸੀ ਅਤੇ ਇਹ ਕੁਰਸੀ ਹਰਸਿਮਰਤ ਕੌਰ ਦੇ ਖਾਤੇ ਵਿਚ ਗਈ ਸੀ। ਹਾਲਾਂਕਿ ਜੇਕਰ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਚਾਰ ਤੋਂ ਜ਼ਿਆਦਾ ਸੀਟਾਂ ਜਿੱਤਿਆ ਤਾਂ ਅਕਾਲੀ ਦਲ ਦੀ ਦਾਅਵੇਦਾਰੀ ਕੇਂਦਰੀ ਮੰਤਰੀ ਮੰਡਲ ਵਿਚ ਵੱਧ ਸਕਦੀ ਹੈ ਪਰ ਇਸ ਹਾਲਤ ਵਿਚ ਵੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਕੀ ਬਾਦਲ ਪਰਿਵਾਰ ਆਪਣੇ ਹੀ ਦੋਵਾਂ ਸਾਂਸਦਾਂ ਨੂੰ ਮੰਤਰੀ ਬਣਾਏਗਾ, ਇਹ ਵੀ ਵੱਡਾ ਸਵਾਲ ਹੈ।

Gurminder Singh

This news is Content Editor Gurminder Singh