ਸ਼੍ਰੋਮਣੀ ਅਕਾਲੀ ਦਲ ''ਮੋਦੀ ਲਹਿਰ'' ਉੱਤੇ ਸਵਾਰ, ਜਨਤਾ ਨੂੰ ਮੈਨੀਫੈਸਟੋ ਦਾ ਇੰਤਜ਼ਾਰ

05/05/2019 9:29:14 AM

ਚੰਡੀਗੜ੍ਹ(ਅਸ਼ਵਨੀ) : ਚੋਣਾਂ ਦੌਰਾਨ ਵੋਟਰਾਂ ਦੀ ਤੇਜ਼ ਨਜ਼ਰ ਸਭ ਤੋਂ ਜ਼ਿਆਦਾ ਨੇਤਾਵਾਂ ਦੇ ਵਾਅਦਿਆਂ 'ਤੇ ਰਹਿੰਦੀ ਹੈ। ਕਾਂਗਰਸ ਦਾ ਮੈਨੀਫੈਸਟੋ ਜਾਰੀ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਮੰਚਾਂ ਤੋਂ ਇਨ੍ਹੀਂ ਦਿਨੀਂ ਕਾਂਗਰਸੀ ਉਮੀਦਵਾਰ ਲਗਾਤਾਰ ਲੋਕ-ਲੁਭਾਵਣੇ ਵਾਅਦੇ ਪਰੋਸ ਰਹੇ ਹਨ ਪਰ ਸੂਬੇ 'ਚ ਕਾਂਗਰਸ ਦੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸੂਬੇ ਦੀ ਜਨਤਾ ਅਜੇ ਵੀ ਸ਼ਸ਼ੋਪੰਜ 'ਚ ਹੈ। ਇਸ ਦੀ ਵਜ੍ਹਾ ਹੈ ਅਜੇ ਤੱਕ ਪਾਰਟੀ ਦਾ ਮੈਨੀਫੈਸਟੋ ਜਾਰੀ ਨਾ ਹੋਣਾ।

ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਸਾਥੀ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਪਰ 2014 ਦੀ ਤਰ੍ਹਾਂ ਵੋਟਰ ਬੇਸਬਰੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਦਾ ਇੰਤਜ਼ਾਰ ਕਰ ਰਹੇ ਹਨ। 2014 'ਚ ਅਕਾਲੀ ਦਲ ਨੇ ਤਕਰੀਬਨ 25 ਪੰਨਿਆਂ ਦਾ ਮੈਨੀਫੈਸਟੋ ਜਾਰੀ ਕੀਤਾ ਸੀ। ਇਸ ਮੈਨੀਫੈਸਟੋ 'ਚ ਸੂਬੇ 'ਤੇ ਕੇਂਦਰਿਤ ਕਈ ਅਹਿਮ ਐਲਾਨ ਕੀਤੇ ਗਏ ਸਨ। ਹਾਲਾਂਕਿ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਨਵਰੀ 2019 'ਚ 17 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਸੀ ਪਰ ਅਜੇ ਤੱਕ ਇਹ ਕਮੇਟੀ ਮੈਨੀਫੈਸਟੋ ਜਾਰੀ ਨਹੀਂ ਕਰ ਸਕੀ। ਇਹੀ ਵਜ੍ਹਾ ਹੈ ਕਿ ਚੋਣ ਦੰਗਲ 'ਚ ਕਿਸਮਤ ਅਜ਼ਮਾ ਰਹੇ ਅਕਾਲੀ ਦਲ ਦੇ ਜ਼ਿਆਦਾਤਰ ਉਮੀਦਵਾਰ 'ਮੋਦੀ ਲਹਿਰ' ਉੱਤੇ ਸਵਾਰ ਹੋ ਕੇ ਚੋਣ ਕਿਸ਼ਤੀ ਪਾਰ ਲਾਉਣ ਦੇ ਰਾਹ 'ਤੇ ਹਨ। ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸਿਆਸੀ ਸਭਾਵਾਂ 'ਚ ਭਾਰਤੀ ਜਨਤਾ ਪਾਰਟੀ ਦੇ ਚੋਣ ਵਾਅਦਿਆਂ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ।

ਪਿਛਲੇ ਦਿਨੀਂ ਜਦੋਂ ਇਕ ਚੋਣ ਸਭਾ 'ਚ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦੋ-ਟੁਕ ਸ਼ਬਦਾਂ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਧਿਆਨ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਨਾਲ ਕਾਮਨ ਮਿਨੀਮਮ ਪ੍ਰੋਗਰਾਮ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਚੋਣ ਮੈਨੀਫੈਸਟੋ ਤਾਂ ਲੋਕਲ ਸਰਕਾਰ ਦੇ ਸਮੇਂ ਆਉਂਦਾ ਹੈ। ਹਾਲਾਂਕਿ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜਨਤਾ ਦੇ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਨ। ਜਿਥੋਂ ਤੱਕ ਗੱਲ ਮੈਨੀਫੈਸਟੋ ਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪੱਧਰ 'ਤੇ ਇਸ ਨੂੰ ਵਿਜ਼ਨ ਡਾਕਿਊਮੈਂਟ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ। ਇਸ 'ਤੇ ਕੰਮ ਚੱਲ ਰਿਹਾ ਹੈ, ਛੇਤੀ ਹੀ ਇਸ ਨੂੰ ਰਿਲੀਜ਼ ਵੀ ਕਰ ਦਿੱਤਾ ਜਾਵੇਗਾ।

ਬਿਹਾਰ 'ਚ ਭਾਜਪਾ ਸਹਿਯੋਗੀ ਜਦ (ਯੂ) ਵੀ ਬਿਨਾਂ ਮੈਨੀਫੈਸਟੋ ਦੇ ਮੈਦਾਨ 'ਚ :
ਬਿਹਾਰ 'ਚ ਭਾਜਪਾ ਦੀ ਸਹਿਯੋਗੀ ਜਨਤਾ ਦਲ (ਯੂਨਾਈਟਿਡ) ਨੇ ਵੀ ਇਸ ਵਾਰ ਅਜੇ ਤੱਕ ਮੈਨੀਫੈਸਟੋ ਜਾਰੀ ਨਹੀਂ ਕੀਤਾ ਹੈ। ਦੇਸ਼ ਭਰ 'ਚ ਅੱਧੀ ਤੋਂ ਜ਼ਿਆਦਾ ਚੋਣ ਯਾਤਰਾ ਮੁਕੰਮਲ ਹੋਣ ਤੋਂ ਬਾਅਦ ਵੀ ਅਜੇ ਤੱਕ ਜਦ (ਯੂ) ਦੇ ਮੈਨੀਫੈਸਟੋ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਹੈ। ਹਾਲਾਂਕਿ ਜਦ (ਯੂ) ਦੇ ਕੁਝ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਵਾਰ ਪਾਰਟੀ ਬਿਨਾਂ ਮੈਨੀਫੈਸਟੋ ਦੇ ਹੀ ਮੈਦਾਨ 'ਚ ਕਿਸਮਤ ਅਜ਼ਮਾਏਗੀ। ਹਾਲਾਂਕਿ ਜਦੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ ਤਾਂ ਜਦ (ਯੂ) ਦੇ ਨੇਤਾਵਾਂ ਦਾ ਕਹਿਣਾ ਸੀ ਕਿ ਉਹ ਭਾਜਪਾ ਦੇ ਕਈ ਮੁੱਦਿਆਂ 'ਤੇ ਸਹਿਮਤ ਨਹੀਂ ਹੈ, ਇਸ ਲਈ ਉਹ ਵੱਖਰੇ ਤੌਰ 'ਤੇ ਮੈਨੀਫੈਸਟੋ ਜਾਰੀ ਕਰਨਗੇ।

ਭਾਜਪਾ ਦੇ ਦਬਾਅ ਦੀ ਚਰਚਾ :
ਸਿਆਸੀ ਮਾਹਿਰਾਂ 'ਚ ਚਰਚਾ ਹੈ ਕਿ ਇਸ ਵਾਰ ਭਾਜਪਾ ਨੇ ਸਹਿਯੋਗੀ ਪਾਰਟੀਆਂ ਨੂੰ ਵੱਖਰੇ ਤੌਰ 'ਤੇ ਮੈਨੀਫੈਸਟੋ ਦੇ ਬਿਨਾਂ ਹੀ ਮੈਦਾਨ 'ਚ ਉਤਰਨ ਦੀ ਗੱਲ ਕਹੀ ਹੈ। ਅਜਿਹਾ ਇਸ ਲਈ ਕਿਹਾ ਗਿਆ ਹੈ ਤਾਂ ਕਿ ਭਾਜਪਾ ਦੇ ਮੈਨੀਫੈਸਟੋ ਨੂੰ ਸਭ ਦੀ ਸਾਂਝੀ ਰਾਇ ਅਤੇ ਇਕਮਤ ਮੈਨੀਫੈਸਟੋ ਦੀ ਤਰ੍ਹਾਂ ਪ੍ਰਚਾਰਿਤ ਕੀਤਾ ਜਾ ਸਕੇ। ਹਾਲਾਂਕਿ ਭਾਜਪਾ ਸਹਿਯੋਗੀ ਦਲਾਂ ਦੇ ਨੇਤਾ ਇਸ ਗੱਲ ਤੋਂ ਮਨ੍ਹਾ ਕਰਦੇ ਹਨ। ਪਿਛਲੇ ਦਿਨੀਂ ਜਦ (ਯੂ) ਦੇ ਬੁਲਾਰੇ ਨੇ ਇਸ 'ਤੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਦਬਾਅ ਵਾਲੀ ਕੋਈ ਗੱਲ ਨਹੀਂ ਹੈ। ਭਾਜਪਾ ਦੇ ਨਾਲ ਸਹਿਯੋਗੀ ਦਲਾਂ ਦਾ ਵਰ੍ਹਿਆਂ ਪੁਰਾਣਾ ਨਾਤਾ ਹੈ, ਇਸ ਲਈ ਲੋਕ ਸਭਾ ਚੋਣਾਂ ਦੇ ਪੱਧਰ 'ਤੇ ਸਭ ਦੀ ਇਕ ਰਾਇ ਹੀ ਹੈ। ਇਹ ਕੋਈ ਸੂਬਾ ਪੱਧਰੀ ਚੋਣ ਨਹੀਂ ਹੈ।

2014 'ਚ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਪੱਧਰੀ ਮੁੱਦਿਆਂ ਨੂੰ ਦਿੱਤੀ ਸੀ ਤਵੱਜੋ :
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ 'ਚ ਸੂਬਾ ਪੱਧਰੀ ਮੁੱਦਿਆਂ ਨੂੰ ਤਵੱਜੋ ਦਿੱਤੀ ਸੀ। ਭਾਵੇਂ ਹੀ ਗੱਲ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਐਲਾਨਣ ਦਾ ਮਾਮਲਾ ਹੋਵੇ ਜਾਂ ਨਹਿਰੀ ਪਾਣੀ 'ਤੇ ਪੰਜਾਬ ਦੇ ਅਧਿਕਾਰ ਦੀ ਗੱਲ ਹੋਵੇ, ਸ਼੍ਰੋਮਣੀ ਅਕਾਲੀ ਦਲ ਨੇ ਕਈ ਸੰਵੇਦਨਸ਼ੀਲ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਸੀ। 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਵੀ ਜ਼ੋਰ-ਸ਼ੋਰ ਨਾਲ ਚੁੱਕੀ ਗਈ ਸੀ। ਇਸੇ ਕੜੀ 'ਚ ਕਿਸਾਨ ਹਿਤੈਸ਼ੀ ਐਲਾਨਾਂ 'ਚ ਫਸਲ ਦੀ ਠੀਕ ਕੀਮਤ, ਘੱਟ ਤੋਂ ਘੱਟ ਸਮਰਥਨ ਮੁੱਲ ਵਰਗੇ ਵਾਅਦੇ ਪਰੋਸੇ ਗਏ ਸਨ। ਉਥੇ ਹੀ ਸੂਬਾ ਪੱਧਰ 'ਤੇ ਕੇਂਦਰਿਤ ਇੰਡਸਟਰੀ, ਅਰਬਨ ਐਂਡ ਰੂਰਲ ਇਨਫ੍ਰਾਸਟ੍ਰਕਚਰ, ਹਾਊਸਿੰਗ, ਐਵੀਏਸ਼ਨ, ਨੌਜਵਾਨਾਂ ਨੂੰ ਰੋਜ਼ਗਾਰ, ਸੈਰ-ਸਪਾਟੇ ਨੂੰ ਵੀ ਮੈਨੀਫੈਸਟੋ 'ਚ ਜਗ੍ਹਾ ਦਿੱਤੀ ਗਈ ਸੀ।

cherry

This news is Content Editor cherry