ਵੋਟ ਪਾਉਣ ਮੌਕੇ ਈ. ਵੀ. ਐੱਮ. ਨਾਲ ਫੋਟੋ ਖਿੱਚਣ ਵਾਲੇ ਨੂੰ ਪੁਲਸ ਨੇ ਲਿਆ ਹਿਰਾਸਤ ''ਚ

05/19/2019 6:45:00 PM

ਲੁਧਿਆਣਾ (ਵਿੱਕੀ) : ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਦੇ ਧਿਆਨ ਵਿਚ ਮੀਡੀਆ ਰਿਪੋਰਟਾਂ ਰਾਹੀਂ ਇਕ ਅਜਿਹਾ ਮਾਮਲਾ ਆਇਆ ਸੀ ਜਿਸ ਵਿਚ ਲੁਧਿਆਣਾ ਵਿਖੇ ਕੁਝ ਵਿਅਕਤੀਆਂ ਵੱਲੋਂ ਵੋਟ ਪਾਉਣ ਵੇਲੇ ਦੀ ਈ.ਵੀ.ਐਮ. ਨਾਲ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀ.ਈ.ਓ. ਪੰਜਾਬ ਨੇ ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਸੀ।
ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਵੋਟਰ ਸੂਚੀਆਂ ਅਤੇ ਸੋਸ਼ਲ ਮੀਡੀਆ ਅਕਾਊਂਂਟ ਦੀ ਜਾਂਚ ਕੀਤੀ ਗਈ ਅਤੇ ਫੋਟੋ ਪਾਉਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ। ਇਸ ਉਪਰੰਤ ਸਾਰੀ ਜਾਣਕਾਰੀ ਕਮਿਸ਼ਨਰ ਪੁਲਸ ਲੁਧਿਆਣਾ ਦੇ ਧਿਆਨ ਵਿਚ ਲਿਆਂਦੀ ਗਈ ਅਤੇ ਫੋਟੋ ਪਾਉਣ ਵਾਲੇ ਵਿਅਕਤੀ ਨੂੰ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ। ਅਗਰਵਾਲ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਕਿ ਫੋਟੋ ਹਿਰਾਸਤ ਵਿਚ ਲਏ ਵਿਅਕਤੀ ਵੱਲੋਂ ਆਪ ਖਿੱਚੀ ਗਈ ਸੀ ਜਾਂ ਕਿਸੇ ਦੂਸਰੇ ਵਿਅਕਤੀ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।
ਜ਼ਿਲਾ ਚੋਣ ਅਧਿਕਾਰੀ ਲੁਧਿਆਣਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਵਿਅਕਤੀ ਵੋਟ ਪਾਉਣ ਵੇਲੇ ਈ.ਵੀ.ਐਮ. ਨਾਲ ਫੋਟੋ ਖਿੱਚਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh